- "ਸ਼ਬਦ ਪ੍ਰਕਾਸ਼" ਅਜਾਇਬ ਘਰ ਵਡਮੁੱਲੇ ਗਿਆਨ ਦਾ ਸੋਮਾ : ਬਹਿਲ
ਲੁਧਿਆਣਾ, 15 ਅਪ੍ਰੈਲ : ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਚੀਫ਼ ਇੰਜ. ਸੰਦੀਪ ਬਹਿਲ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਪਹੁੰਚੇ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਸਮੇਂ ਸੰਦੀਪ ਬਹਿਲ ਨੇ ਕਿਹਾ ਕਿ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਕਰਕੇ ਮੇਰੇ ਗਿਆਨ ਵਿਚ ਵਾਧਾ ਹੋਇਆ ਹੈ ਅਤੇ ਮਨ ਨੂੰ ਵੀ ਸ਼ਾਂਤੀ ਸਕੂਨ ਅਤੇ ਸਹਿਜ ਮਿਲਿਆ ਹੈ। ਉਹਨਾਂ ਕਿਹਾ ਕਿ ਲੋੜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦੇ ਦਰਸਾਏ ਰਸਤੇ ਦੇ ਗਿਆਨ ਦਾ ਪ੍ਰਚਾਰ ਅਤੇ ਪਸਾਰ ਕਰੀਏ। ਉਹਨਾਂ ਕਿਹਾ ਕਿ ਸਾਡੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਇਸ ਇਤਿਹਾਸਿਕ ਗਿਆਨ ਦੇ ਸੋਮੇ ਦੇ ਦਰਸ਼ਨ ਕਰਨ ਲਈ ਆਉਣ ਜਿਸ ਲਈ ਪੰਚਾਇਤਾਂ ਦੇ ਮੈਂਬਰਾਂ, ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।