ਮੋਰਿੰਡਾ, 3 ਮਈ : ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਪਾਠੀ ਸਿੰਘਾਂ ਦੀ ਕੁੱਟਮਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਦੋਸ਼ੀ ਦੀ ਮੌਤ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਬਾਰੇ ਕੋਈ ਪਤਾ ਨਹੀਂ ਚੱਲਿਆ ਸਕਿਆ, ਜਿਸ ਕਾਰਣ ਦੂਜੇ ਦਿਨ ਵੀ ਉਸਦੀ ਮਿ੍ਤਕ ਦੇਹ ਲੈਣ ਲਈ ਕਿਸੇ ਵੀ ਪਰਿਵਾਰਕ ਮੈਂਬਰ, ਜਾਂ ਰਿਸ਼ਤੇਦਾਰਾਂ ਨੇ ਜਿਲਾ ਰੂਪਨਗਰ ਦੇ ਪ੍ਸ਼ਾਸ਼ਨਿਕ ਅਧਿਕਾਰੀਆਂ ਜਾਂ ਹਸਪਤਾਲ ਪ੍ਬੰਧਕ ਨਾਲ ਕੋਈ ਤਾਲਮੇਲ ਨਹੀਂ ਕੀਤਾ। ਵਰਨਣਯੋਗ ਹੈ ਕਿ ਮੋਰਿੰਡਾ ਵਾਸੀ, ਦੋਸ਼ੀ ਜਸਬੀਰ ਸਿੰਘ ਜੱਸੀ ਵੱਲੋਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਉਪਰੰਤ ਮੋਰਿੰਡਾ ਪੁਲਿਸ ਨੇ ਦੋਸ਼ੀ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਦਾਲਤੀ ਪ੍ਰਕਿਰਿਆ ਰਾਹੀਂ ਦੋਸ਼ੀ ਨੂੰ ਜਿਲਾ ਮਾਨਸਾ ਦੇ ਪਿੰਡ ਤਾਮਕੋਟ ਵਿੱਚ ਬਣੀ ਜੇਲ ਵਿੱਚ ਭੇਜ ਦਿੱਤਾ ਸੀ, ਜਿੱਥੇ ਉਸਦੀ ਮੌਤ ਹੋ ਗਈ। ਦੋਸ਼ੀ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਗਿਆ ਸੀ ਪਰੰਤੂ ਪੋਸਟਮਾਰਟਮ ਸਮੇਂ ਵੀ ਦੋਸ਼ੀ ਦਾ ਕੋਈ ਵੀ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਹਾਜਰ ਨਹੀਂ ਸੀ, ਜਿਸ ਕਾਰਣ ਉਸਦੀ ਮਿ੍ਤਕ ਦੇਹ ਨੂੰ 72 ਘੰਟਿਆਂ ਲਈ ਹਸਪਤਾਲ ਦੀ ਮੌਰਚਰੀ ਵਿੱਚ ਰੱਖ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਵੱਲੋਂ ਕੀਤੀ ਹਿਰਦੇਵੇਧਕ ਘਟਨਾ ਉਪਰੰਤ ਰੋਹ ਤੇ ਗੁੱਸੇ ਵਿੱਚ ਆਈ ਸੰਗਤ ਵੱਲੋਂ ਦੋਸ਼ੀ ਦੇ ਮੋਰਿੰਡਾ ਦੇ ਵਾਰਡ ਨੰਬਰ 11 ਵਿੱਚ ਸਥਿਤ ਮਕਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ, ਜਿਸ ਉਪਰੰਤ ਉਸਦੇ ਪਰਿਵਾਰਕ ਮੈਂਬਰ ਡਰਦੇ ਹੋਏ ਕਿਤੇ ਹੋਰ ਜਗ੍ਹਾ ਚਲੇ ਗਏ ਅਤੇ ਮਕਾਨ ਦਾ ਮੁੱਖ ਦਰਵਾਜਾ ਖੁੱਲਾ ਪਿਆ ਹੈ ਅਤੇ ਅੰਦਰ ਪਏ ਸੋਫੇ ਤੇ ਇੱਕ ਕੁੱਤਾ ਸੁੱਤਾ ਪਿਆ ਸੀ। ਦੋਸ਼ੀ ਦੇ ਸੰਸਕਾਰ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ, ਕਿਉਂਕਿ ਮੋਰਿੰਡਾ ਦੀ ਸੰਗਤ ਵੱਲੋਂ ਸ਼ਹਿਰ ਦੀ ਕਿਸੇ ਵੀ ਸ਼ਮਸ਼ਾਨਘਾਟ ਵਿੱਚ ਉਸਦਾ ਸੰਸਕਾਰ ਨਾ ਹੋਣ ਦੇਣ ਬਾਰੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰ ਰੱਖਿਆ ਹੈ। ਜਿਸ ਕਾਰਣ ਪ੍ਰਸ਼ਾਸਨ ਵੱਲੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਸ਼ੀ ਦਾ ਸੰਸਕਾਰ ਬਾਹਰ ਕਰਨ ਬਾਰੇ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ।