ਫਤਹਿਗੜ੍ਹ ਸਾਹਿਬ, 20 ਜਨਵਰੀ : ਫਤਿਹਗੜ੍ਹ ਸਾਹਿਬ 'ਚ ਅੱਧੀ ਰਾਤ ਨੂੰ ਪੁਲਸ ਅਤੇ ਲੁਟੇਰੇ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਲੁਟੇਰੇ ਨੂੰ ਗੋਲੀ ਲੱਗ ਗਈ, ਜਦਕਿ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਿਆ। ਜ਼ਖਮੀ ਲੁਟੇਰੇ ਨੂੰ ਸਿਵਲ ਹਸਪਤਾਲ ਬੱਸੀ ਪਠਾਣਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਫਤਹਿਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ। ਉਸ ਦੀ ਪਛਾਣ ਜਸਵੰਤ ਸਿੰਘ ਵਾਸੀ ਬੱਸੀ ਪਠਾਣਾਂ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੰਡੀ ਗੋਬਿੰਦਗੜ੍ਹ 'ਚ ਸ਼ੁੱਕਰਵਾਰ ਨੂੰ ਇੰਡਸਟਰੀ ਤੋਂ 25 ਲੱਖ ਰੁਪਏ ਦੀ ਲੁੱਟ ਹੋਈ ਸੀ। ਘਟਨਾ ਤੋਂ ਬਾਅਦ ਐਸਐਸਪੀ ਡਾ: ਰਵਜੋਤ ਕੌਰ ਗਰੇਵਾਲ ਨੇ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਇਸ ਦੌਰਾਨ ਐਸਪੀ (ਆਈ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਤਿੰਨ ਲੁਟੇਰੇ ਫੜੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਲੁਟੇਰਿਆਂ ਨੇ ਮੰਨਿਆ ਕਿ ਲੁੱਟੀ ਗਈ ਰਕਮ ਬੱਸੀ ਪਠਾਣਾਂ ਵਿੱਚ ਇੱਕ ਬੋਲੈਰੋ ਗੱਡੀ ਵਿੱਚ ਰੱਖੀ ਹੋਈ ਹੈ। ਦੇਰ ਰਾਤ ਜਦੋਂ ਪੁਲੀਸ ਟੀਮ ਇੱਕ ਲੁਟੇਰੇ ਨੂੰ ਆਪਣੇ ਨਾਲ ਵਸੂਲੀ ਲਈ ਬੱਸੀ ਪਠਾਣਾਂ ਲੈ ਕੇ ਗਈ ਤਾਂ ਲੁਟੇਰੇ ਨੇ ਬੋਲੈਰੋ ’ਚੋਂ ਲੁੱਟੀ ਰਕਮ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਨੇ ਕਾਰ 'ਚ ਪਹਿਲਾਂ ਤੋਂ ਰੱਖੇ ਨਜਾਇਜ਼ ਹਥਿਆਰ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਬਚਾਅ ਵਿੱਚ ਗੋਲੀ ਚਲਾ ਦਿੱਤੀ ਅਤੇ ਗੋਲੀ ਲੁਟੇਰੇ ਦੇ ਪੈਰ ਵਿੱਚ ਲੱਗੀ।ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਨੂੰ ਫੜ ਲਿਆ।