- ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਮਨਾਹੀ
- ਵਿਆਹ ਸ਼ਾਦੀਆਂ/ਖੁਸ਼ੀ ਸਮਾਗਮਾਂ ਦੌਰਾਨ ਸੜ੍ਹਕਾਂ 'ਤੇ ਪਟਾਕੇ ਚਲਾਉਣ 'ਤੇ ਵੀ ਪਾਬੰਦੀ
ਲੁਧਿਆਣਾ, 08 ਅਪ੍ਰੈਲ : ਸੰਯੁਕਤ ਕਮਿਸ਼ਨਰ ਪੁਲਿਸ, ਸ਼ਹਿਰ-ਕਮ-ਸਥਾਨਕ ਲੁਧਿਆਣਾ ਸੌਮਿਆ ਮਿਸ਼ਰਾ, ਆਈ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ। ਸੰਯੁਕਤ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਆਮ ਜਨਤਾ ਵੱਲੋਂ ਆਪਣੇ ਨਿੱਜੀ ਹੱਕਾਂ ਲਈ ਸਰਕਾਰ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ, ਧਰਨੇ, ਰੈਲੀਆਂ ਆਦਿ ਕੀਤੀਆਂ ਜਾਂਦੀਆਂ ਹਨ। ਅਜਿਹੇ ਰੋਸ ਮੁਜਾਹਰੇ, ਧਰਨੇ, ਰੈਲੀਆਂ ਆਦਿ ਵਿੱਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੌਕੇ ਦਾ ਫਾਇਦਾ ਚੁੱਕ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਲਈ ਪਬਲਿਕ ਹਿੱਤ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਰੋਸ ਮੁਜਾਹਰੇ, ਧਰਨੇ, ਜਲੂਸ ਵਗੈਰਾ 'ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਣ ਦੀ ਜ਼ਰੂਰਤ ਹੈ। ਸਿਵਲ ਰਿੱਟ ਪਟੀਸ਼ਨ ਨੰਬਰ 28061 ਆਫ 2017 ਵਿੱਚ ਮਾਨਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੋਸ ਮੁਜ਼ਾਹਰੇ/ਰੈਲੀਆਂ/ਧਰਨੇ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕੱਰਰ ਕੀਤੀ ਗਈ ਹੈ। ਪਰ ਇਸ ਜਗ੍ਹਾ 'ਤੇ ਵੀ ਜਲਨਸ਼ੀਲ ਪਦਾਰਥ, ਅਸਲਾ ਅਤੇ ਮਾਰੂ ਹਥਿਆਰ ਆਦਿ ਲੈਕੇ ਚੱਲਣ 'ਤੇ ਪੂਰਨ ਤੌਰ 'ਤੇ ਮਨਾਹੀ ਕੀਤੀ ਜਾਂਦੀ ਹੈ। ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਵਿੱਚ ਜਲਨਸ਼ੀਲ ਪਦਾਰਥ, ਅਸਲਾ ਅਤੇ ਮਾਰੂ ਹਥਿਆਰ ਆਦਿ ਲੈ ਕੇ ਚੱਲਣ ਅਤੇ ਉਪਰੋਕਤ ਮੁਕੱਰਰ ਕੀਤੀ ਗਈ ਜਗ੍ਹਾ ਤੋਂ ਇਲਾਵਾ ਬਿਨ੍ਹਾਂ ਮੰਨਜੂਰੀ ਰੋਸ ਮੁਜਾਹਰੇ/ਧਰਨੇ/ਜਲੂਸ/ਰੈਲੀਆਂ ਆਦਿ ਕਰਨ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀਆ ਵੱਖ-ਵੱਖ ਸੜ੍ਹਕਾਂ 'ਤੇ ਜੋ ਮੈਰਿਜ ਪੈਲੇਸ ਸਥਿਤ ਹਨ ਉਨ੍ਹਾਂ ਵਿੱਚ ਆਮ ਜਨਤਾ ਵੱਲੋ ਵਿਆਹ ਸ਼ਾਦੀਆ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਸੜਕਾਂ 'ਤੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਦੇ ਹਨ, ਬੈਡ ਵਾਜੇ ਵਜਾ ਕੇ ਨੱਚਦੇ ਹਨ, ਪਾਲਕੀ, ਹਾਥੀ, ਘੋੜੇ ਜਿਨ੍ਹਾਂ 'ਤੇ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜ੍ਹਕ ਦੇ ਵਿਚਕਾਰ ਹੁੰਦੇ ਹਨ ਅਤੇ ਮੈਰਿਜ ਪੈਲੇਸ ਵਿਖੇ ਗੱਡੀਆ ਦੀ ਪਾਰਕਿੰਗ ਸੜ੍ਹਕ 'ਤੇ ਹੀ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਸੜਕ ਦਾ ਕਾਫੀ ਹਿੱਸਾ ਰੁੱਕ ਜਾਂਦਾ ਹੈ ਅਤੇ ਆਮ ਆਵਾਜਾਈ ਵਿਚ ਵਿਘਨ ਪੈਦਾ ਹੈ, ਜਿਆਦਾ ਆਵਾਜਾਈ ਹੋਣ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ। ਜਿਸ ਨਾਲ ਆਮ ਜਨਤਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ, ਸਹੂਲੀਅਤ ਅਤੇ ਸੁੱਖ ਨੂੰ ਮੁੱਖ ਰਖਦੇ ਹੋਏ ਇਸ ਪ੍ਰੀਕ੍ਰਿਆ ਨੂੰ ਰੋਕਣ ਲਈ ਵਿਸੇਸ ਉਪਰਾਲੇ ਕਰਨ ਦੀ ਜਰੂਰਤ ਹੈ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਵਿਆਹ ਸ਼ਾਦੀਆਂ ਅਤੇ ਖੁਸ਼ੀ ਦੇ ਸਮਾਗਮਾਂ ਦੌਰਾਨ ਸ਼ਰੇਆਮ ਸੜ੍ਹਕ 'ਤੇ ਪਟਾਕੇ ਚਲਾਉਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ, ਜਿਸ ਨਾਲ ਸੜ੍ਹਕ 'ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੋਵੇ ਅਤੇ ਆਮ ਜਨਤਾ ਨੂੰ ਮੁਸ਼ਕਿਲ ਪੇਸ਼ ਆਉਂਦੀ ਹੋਵੇ 'ਤੇ ਪਾਬੰਦੀ ਲਗਾਈ ਜਾਂਦੀ ਹੈ। ਸੰਯੁਕਤ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੀ ਮਾਤਰਾ ਵਿੱਚ ਲੋਕ ਬਾਹਰਲੇ ਸੂਬਿਆਂ, ਜ਼ਿਲ੍ਹਿਆਂ ਆਦਿ ਤੋਂ ਆ ਕੇ ਲੁਧਿਆਣਾ ਸ਼ਹਿ ਵਿੱਚ ਵੱਖ-ਵੱਖ ਉਦਯੋਗਿਕ ਇਕਾਈਆਂ, ਵਿੱਤੀ ਅਦਾਰਿਆਂ ਆਦਿ ਕੰਮ ਕਰਦੇ ਹਨ। ਜਾਂ ਸਕੂਲਾਂ-ਕਾਲਜ਼ਾਂ ਆਦਿ ਵਿੱਚ ਪੜ੍ਹਦੇ ਹਨ ਅਤੇ ਕੁਝ ਲੋਕ ਘਰੇਲੂ ਕੰਮ ਕਾਜ ਵਿੱਚ ਵੀ ਹੱਥ ਵਟਾਉਂਦੇ ਹਨ। ਅਜਿਹੇ ਲੋਕਾਂ ਦੀ ਆੜ ਵਿੱਚ ਕੁਝ ਅਪਰਾਧਿਕ ਵਿਅਕਤੀ ਮੌਕੇ ਦਾ ਫਾਇਦਾ ਚੁੱਕ ਕੇ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੌਣੇ ਪੈਂਦੇ ਹਨ ਜਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਜਿਸ ਨਾਲ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਸ ਲਈ ਘਰ, ਸਕੂਲ, ਕਾਲਜ਼, ਵਿੱਤੀ ਅਦਾਰੇ, ਪ੍ਰਾਇਵੇਟ ਸੰਸਥਾਵਾਂ, ਉਦਯੋਗਿਕ ਇਕਾਈਆਂ ਆਦਿ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਨ ਵਾਲੇ ਵਿਅਕਤੀ ਜੋ ਕਿਰਾਏ ਮਕਾਨਾਂ ਵਿੱਚ ਜਾਂ ਪੇਇੰਗ ਗੈਸਟ, ਵਕੇਸ਼ਨ ਰੈਂਟਲ ਕੰਪਨੀਆਂ ਆਦਿ ਵਿੱਚ ਰਿਹਾਇਸ਼ ਰੱਖਦੇ ਹਨ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨੀ ਪਬਲਿਕ ਹਿੱਤ ਵਿੱਚ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੇ ਪਿਛੋਕੜ ਬਾਰੇ ਜਾਣਿਆ ਜਾ ਸਕੇ। ਇੱਥੇ ਇਹ ਵਿਸ਼ੇਸ਼ ਤੌਰ 'ਤੇ ਅੰਕਿਤ ਕੀਤਾ ਜਾਂਦਾ ਹੈ ਕਿ ਪੇਇੰਗ ਗੈਸਟ ਜਾਂ ਵਕੇਸ਼ਨ ਰੈਂਟਲ ਕੰਪਨੀਆਂ ਵਿੱਚ ਇੱਕ-ਇੱਕ ਕਮਰੇ ਵਿੱਚ ਕਈ-ਕਈ ਵਿਅਕਤੀ ਰਿਹਾਇਸ਼ ਰੱਖਦੇ ਹਨ ਅਤੇ ਉਨ੍ਹਾਂ ਹਰ ਇੱਕ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾਣੀ ਪਬਲਿਕ ਹਿੱਤ ਵਿੱਚ ਅਤੀ ਜ਼ਰੂਰੀ ਹੈ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਮੁੱਖ ਰੱਖਦੇ ਹੋਏ ਪੇਇੰਗ ਗੈਸਟ, ਵਕੇਸ਼ਨ ਰੈਂਟਲ ਕੰਪਨੀਆਂ, ਮਕਾਨ ਆਦਿ ਕਿਰਾਏ 'ਤੇ ਲੈ ਕੇ ਰਹਿਣ ਵਾਲੇ ਕਿਰਾਏਦਾਰਾਂ ਆਦਿ ਹਰ ਵਿਅਕਤੀ ਬਾਰੇ ਪੂਰਾ ਵੇਰਵਾ ਸਮੇਤ ਫੋਟੋ ਇਲਾਕੇ ਦੇ ਥਾਣੇ/ਪੁਲਿਸ ਚੌਂਕੀ, ਸਾਂਝ ਕੇਂਦਰ ਵਿੱਚ ਤੁਰੰਤ ਉਨ੍ਹਾਂ ਦਾ ਨਾਮ ਦਰਜ਼ ਕਰਾਉਣਾ ਲਾਜ਼ਮੀ ਹੈ। ਕੁਤਾਹੀ ਦੀ ਸੂਰਤ ਵਿੱਚ ਜਾਬਤੇ ਅਨੁਸਾਰ ਕਸੂਰਵਾਰ ਦੇ ਖਿਲਾਫ ਕਾਰਵਾਈ ਅਮਲੀ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।