ਰੂਪਨਗਰ, 31 ਮਾਰਚ : ਰੂਪਨਗਰ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਮਲਕੀਤ ਸਿੰਘ ਨੂੰ 5 ਪਿਸਟਲ ਅਤੇ 20 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੈਂਸ ਵਿਖੇ ਜਾਣਕਾਰੀ ਦਿੰਦਿਆਂ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਵਿਵੇਕਸ਼ੀਲ ਸੋਨੀ, ਰੂਪਨਗਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਪੀ.ਪੀ.ਐਸ, ਕਪਤਾਨ ਪੁਲਿਸ (ਡਿਟੈਕਟਿਵ) ਸ. ਮਨਵਿੰਦਰਬੀਰ ਸਿੰਘ, ਅਤੇ ਪੀ.ਪੀ.ਐਸ. ਉਪ ਕਪਤਾਨ ਪੁਲਿਸ ( ਡਿਟੈਕਟਿਵ) ਰੂਪਨਗਰ ਸ. ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਰੋਪੜ ਪੁਲਿਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ। ਸ਼੍ਰੀ ਵਿਵੇਕ ਸੋਨੀ ਨੇ ਦੱਸਿਆ ਕਿ 30 ਮਾਰਚ, 2023 ਨੂੰ ਇੰਚਾਰਜ ਸੀ.ਆਈ.ਏ. ਰੂਪਨਗਰ ਇੰਸਪੈਕਟਰ ਸ. ਸਤਨਾਮ ਸਿੰਘ ਦੀ ਟੀਮ ਨੇ ਮੁਕੱਦਮਾ ਨੰਬਰ 18 ਮਿਤੀ 30.03.2025 ਅ/ਧ 25/54/59 ਆਰਮਜ਼ ਐਕਟ ਥਾਣਾ ਸਿੰਘ ਭਗਵੰਤਪੁਰ ਦਰਜ ਕਰਵਾ ਕੇ ਮਲਕੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਬਡਾਲਾ ਗ੍ਰੰਥੀਆਂ ਥਾਣਾ ਸ਼ੇਖਵਾਂ ਦੂਜਾ ਪਤਾ ਪਿੰਡ ਝਾੜੀਆਂਵਾਲਾ ਕਾਹਨੂੰਵਾਨ ਰੋਡ ਬਟਾਲਾ, ਹੁਣ ਵਾਸੀ ਹਰਕ੍ਰਿਸ਼ਨ ਕਲਨੀ ਨੇੜੇ ਪਾਣੀ ਵਾਲੀ ਟੈਂਕੀ ਬਡਾਲਾ ਰੋਡ ਖਰੜ ਥਾਣਾ ਸਿਟੀ ਖਰੜ ਜਿਲ੍ਹਾ ਐਸ.ਏ.ਐਸ ਨਗਰ ਨੂੰ ਸਮੇਤ 05 ਪਿਸਟਲ ਅਤੇ 20 ਕਾਰਤੂਸ ਜਿੰਦਾ ਸਮੇਤ ਕਾਬੂ ਕੀਤਾ ਗਿਆ। ਜਿਸ ਵਿਚ ਤਿੰਨ ਪਿਸਟਲ .32 ਬੋਰ ਸਮੇਤ ਮੈਗਜ਼ੀਨ ਅਤੇ 20 ਜਿੰਦਾ ਕਾਰਤੂਸ ਤੋਂ ਇਲਾਵਾ 2 ਪਿਸਟਲ .315 ਬੋਰ ਸ਼ਾਮਿਲ ਹਨ। ਉਨ੍ਹਾਂ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਮਲਕੀਤ ਸਿੰਘ ਨੇ ਆਪਣੇ ਸਾਥੀਆ ਸਮੇਤ ਬਟਾਲਾ ਸ਼ਹਿਰ ਵਿਖੇ ਆਪਣੀ ਵਿਰੋਧੀ ਪਾਰਟੀ ਤੇ ਫਾਇਰਿੰਗ ਕੀਤੀ ਸੀ। ਜਿਸ ਸਬੰਧੀ ਇਸ ਦੇ ਖਿਲਾਫ ਮੁਕੱਦਮਾ ਨੰਬਰ 181, ਮਿਤੀ 08.11.2022 ਅ/ਧ 307, 148, 149, 379-ਬੀ ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕੀਤਾ ਗਿਆ। ਜਿਸ ਵਿੱਚ ਇਹ ਦੋਸ਼ੀ ਭਗੌੜਾ ਚੱਲ ਰਿਹਾ ਸੀ। ਰੂਪਨਗਰ ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਾਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਪਾਸੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਜੋ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਂਦਾ/ਭਗੌੜੇ ਨੂੰ 15 ਮਾਰੂ ਹਥਿਆਰਾਂ ਸਮੇਤ 20 ਜਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਵਿੱਚ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ੍ਹ ਹੋਏ ਹਨ। ਇਸ ਗੈਂਗ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨਜਾਇਜ਼ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ।