ਬਠਿੰਡਾ, 9 ਅਪ੍ਰੈਲ : ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਦਲ ਪਰਿਵਾਰ ਤੇ ਇਲਜ਼ਾਮ ਲਗਾਇਆ ਕਿ ਲੋਕ ਭਲਾਈ ਪਾਰਟੀ ਖਤਮ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲਾਂ ਵੱਲੋਂ ਉਨ੍ਹਾਂ ਨੂੰ ਸ਼ਾਮਲ ਕਰ ਕੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਸਿੱਖਿਆ ਸੁਧਾਰ ਲਈ ਯਤਨ ਨਹੀਂ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਮੇਟੀ ਅਧੀਨ ਚੱਲਦੇ ਵੱਡੇ ਕਾਲਜਾਂ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰੀ ਨਹੀਂ ਨਿਭਾਈ। ਰਾਮੂਵਾਲੀਆ ਨੇ ਐਲਾਨ ਕੀਤਾ ਕਿ ਜੇ ਬਾਦਲ ਪਰਿਵਾਰ ਦੇ ਤਿੰਨ ਜੀਅ ਉਨ੍ਹਾਂ ਨਾਲ ਕਿਸੇ ਵੀ ਪਲੇਟਫਾਰਮ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਪੰਜਾਬ ਨੂੰ ਮਜ਼ਬੂਤ ਬਣਾਉਣ ਲਈ "ਕੀ ਕੀਤਾ" ਬਹਿਸ ਕਰ ਲੈਣ, ਜੇਕਰ ਜਿੱਤ ਗਏ ਤਾਂ 11 ਲੱਖ ਦਾ ਇਨਾਮ ਦੇਵਾਂਗਾ। ਇਸ ਦੇ ਨਾਲ ਹੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜਣ ਲਈ ਏਜੰਟਾਂ ਨੇ ਵੱਡੀਆਂ ਠੱਗੀਆਂ ਮਾਰੀਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਉਨ੍ਹਾਂ ਵੱਲੋਂ ਵੱਡੇ ਪੱਧਰ ਉਤੇ ਮੁੰਡੇ ਕੁੜੀਆਂ ਨੂੰ ਬਚਾਕੇ ਪੰਜਾਬ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 40 ਹਜ਼ਾਰ ਸਿੰਘ ਸਭਾਵਾਂ, 14 ਹਜ਼ਾਰ ਤੋਂ ਵੱਧ ਪੰਚਾਇਤਾਂ, ਵਿਧਾਇਕਾਂ ਤੇ ਲੋਕ ਸਭਾ ਮੈਂਬਰਾਂ, ਕਿਸੇ ਵੱਲੋਂ ਵੀ ਠੱਗੀਆਂ ਮਾਰਨ ਵਾਲੇ ਏਜੰਟ ਖ਼ਿਲਾਫ਼ ਆਵਾਜ਼ ਨਹੀਂ ਉਠਾਈ ਗਈ। ਰਾਮੂਵਾਲੀਆ ਨੇ ਕਿਹਾ ਕਿ ਗੰਧਲੀ ਹੋ ਚੁੱਕੀ ਸਿਆਸਤ ਨੂੰ ਸਾਫ ਕਰਨ ਲਈ ਦੁਬਾਰਾ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣਗੇ ਅਤੇ ਲੋਕ ਭਲਾਈ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦਿਆ ਉਨ੍ਹਾਂ ਨੇ ਕਿਹਾ ਕਿ ਉਹ ਘੱਟ ਬੋਲਣ ਅਤੇ ਉਨ੍ਹਾਂ ਦੇ ਬੇਤੁਕੇ ਬਿਆਨ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣਦੇ ਹਨ।