ਲੁਧਿਆਣਾ 6 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਅਜੋਕੇ ਸਮੇਂ ਵਿੱਚ ਭੋਜਨ ਪਦਾਰਥਾਂ ਵਿੱਚ ਕਾਰਬੋਹਾਈਡ੍ਰੇਟਸ ਅਤੇ ਫੰਕਸ਼ਨਲ ਫੂਡਜ਼ ਦੀ ਸਹੀ ਮਾਤਰਾ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸ਼ੱਕਰ ਰੋਗ ਦੀ ਰੋਕਥਾਮ ਸੰਬੰਧੀ ਜਾਣੂੰ ਕਰਵਾਉਣ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ |ਪ੍ਰਸਿੱਧ ਭੋਜਨ ਮਾਹਿਰ ਅਤੇ ਸ਼ੱਕਰ ਰੋਗ ਦੇ ਜਾਣਕਾਰ ਡਾ. ਗਰਿਮਾ ਗੋਇਲ ਅਤੇ ਜਾਣੇ-ਪਛਾਣੇ ਡਾਇਟੀਸੀਅਨ ਅਤੇ ਖੇਡਾ ਦੇ ਖੇਤਰ ਵਿੱਚ ਪੋਸ਼ਣ ਦੇ ਮਾਹਿਰ ਡਾ. ਭਵਿਆ ਮੁੱਖ ਵਕਤਾਵਾਂ ਵਜੋਂ ਸ਼ਾਮਿਲ ਹੋਏ | ਦੋਵੇਂ ਮਾਹਿਰ ਵਿਭਾਗ ਦੇ ਪੁਰਾਣੇ ਵਿਦਿਆਰਥੀ ਹੋਣ ਦੇ ਨਾਲ-ਨਾਲ ਮੌਜੂਦਾ ਸਮੇਂ ਆਪਣੇ-ਆਪਣੇ ਖੇਤਰਾਂ ਵਿੱਚ ਕਾਮਯਾਬੀ ਨਾਲ ਕਾਰਜ ਕਰ ਰਹੇ ਹਨ ਅਤੇ ਨਾਲ ਹੀ ਆਪਣੀ ਡਇਟ ਕਲੀਨਿਕ ਚਲਾ ਰਹੇ ਹਨ| ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਨੁਕਤਿਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਮੁਹਾਰਤ ਨੂੰ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਕਿਹਾ|ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਹਰੇਕ ਵਿਦਿਆਰਥੀ ਨੂੰ ’ਕਾਰਬੋਹਾਈਡਰੇਟ ਕਾਊਂਟਿੰਗ’ ਦਾ ਹੁਨਰ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਸ਼ੱਕਰ ਰੋਗ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਕਰਦਾ ਹੈ| ਭਾਰਤ ਵਿੱਚ ਸ਼ੂਗਰ ਦਾ ਮੁੱਖ ਕਾਰਨ ਆਮਤੌਰ ਤੇ ਵੱਧ ਭਾਰ, ਮੋਟਾਪਾ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਹੈ| ਉਹਨਾਂ ਨੇ ਅੱਗੇ ਕਿਹਾ ਕਿ ਰੋਜਾਨਾ ਖੁਰਾਕ ਵਿੱਚ ਬਾਜਰੇ ਦੀ ਵਰਤੋਂ ਮੋਟਾਪੇ ਨੂੰ ਰੋਕਣ ਲਈ ਬੇਹੱਦ ਅਹਿਮ ਹੋ ਸਕਦੀ ਹੈ ਕਿਉਂਕਿ ਉਸ ਵਿੱਚ ਉੱਚ ਫਾਈਬਰ ਸਮੱਗਰੀ ਅਤੇ ਹੋਰ ਕਾਰਜਸੀਲ ਭਾਗ ਹੁੰਦੇ ਹਨ| ਉਹਨਾਂ ਅੱਗੇ ਦੱਸਿਆ ਕਿ ਖੁਰਾਕ ਅਤੇ ਪੋਸ਼ਣ ਵਿਭਾਗ, ਪੀ.ਏ.ਯੂ. ਕੋਲ ਆਪਣਾ ਡਾਈਟ ਕਾਊਂਸਲਿੰਗਸੈੱਲ ਹੈ ਜੋ ਕਿ ਕੰਮ ਦੇ ਸਮੇਂ ਦੌਰਾਨ ਯੋਗ ਆਹਾਰ ਮਾਹਿਰਾਂ ਦੁਆਰਾ ਸਲਾਹ ਮਸਵਰੇ ਲਈ ਖੁੱਲ੍ਹਾ ਹੈ|