ਪੀ.ਏ.ਯੂ. ਵਾਈਸ ਚਾਂਸਲਰ ਨੇ ਕਿਸਾਨ ਮੇਲਿਆਂ ਦੀ ਸਫ਼ਲਤਾ ਲਈ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ

ਲੁਧਿਆਣਾ 3 ਮਈ : ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਿਆਂ ਦੇ ਸਫ਼ਲ ਆਯੋਜਨ ਤੋਂ ਬਾਅਦ ਇੱਕ ਵਿਸ਼ੇਸ਼ ਇਕੱਤਰਤਾ ਹੋਈ | ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੇਤ ਖੇਤਰੀ ਖੋਜ ਕੇਂਦਰਾਂ ਦੇ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ, ਗੈਰ ਅਧਿਆਪਨੀ ਅਮਲਾ ਅਤੇ ਹੋਰ ਕਰਮਚਾਰੀਆਂ ਸਮੇਤ ਭਾਰੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਆਪਾਂ 6 ਖੇਤਰੀ ਮੇਲੇ ਅਤੇ ਪੀ.ਏ.ਯੂ. ਦਾ ਦੋ ਰੋਜ਼ਾ ਮੇਲਾ ਸਫ਼ਲਤਾ ਨਾਲ ਕਰਵਾਏ ਹਨ | ਉਹਨਾਂ ਕਿਹਾ ਕਿ ਇਹ ਮੇਲੇ ਪੀ.ਏ.ਯੂ. ਦੀ ਦਿੱਖ ਬਾਹਰੀ ਸਮਾਜ ਵਿੱਚ ਬਿਹਤਰ ਬਨਾਉਣ ਦਾ ਕੰਮ ਕਰਦੇ ਹਨ ਇਸਲਈ ਪਸਾਰ ਕਾਰਜਾਂ ਨੂੰ ਖੋਜ ਅਤੇ ਅਧਿਆਪਨ ਦੇ ਬਰਾਬਰ ਮਹੱਤਵ ਦੇਣ ਲਈ ਇਹਨਾਂ ਮੇਲਿਆਂ ਦਾ ਸਫਲ ਹੋਣਾ ਓਨਾ ਹੀ ਜ਼ਰੂਰੀ ਹੈ | ਉਹਨਾਂ ਕਿਹਾ ਕਿ ਇਹਨਾਂ ਮੇਲ਼ਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਜੁੜੇ | ਮੇਲਿਆਂ ਨਾਲ ਜੁੜਨ ਦਾ ਇਹ ਅਮਲ ਆਨਲਾਈਨ ਵੀ ਸੀ ਅਤੇ ਹਕੀਕੀ ਵੀ | ਲਿਹਾਜ਼ਾ ਰਿਕਾਰਡ ਤੋੜ ਇਕੱਠ ਹੋਇਆ ਅਤੇ ਸਭ ਨੇ ਆਪਣੇ ਵਿੱਤ ਮੁਤਾਬਿਕ ਯੋਗਦਾਨ ਪਾਇਆ | ਉਹਨਾਂ ਨੇ ਗੱਡੀਆਂ ਦੇ ਚਾਲਕ ਸਟਾਫ ਦਾ ਵਿਸ਼ੇਸ਼ ਮਿਹਨਤ ਲਈ ਧੰਨਵਾਦ ਕੀਤਾ ਨਾਲ ਹੀ ਵਾਈਸ ਚਾਂਸਲਰ ਨੇ ਰਿਹਾਇਸ਼ੀ ਪ੍ਰਬੰਧਾਂ ਲਈ ਕੈਰੋਂ ਕਿਸਾਨ ਘਰ ਦੀ ਭਰਵੀਂ ਤਾਰੀਫ ਕੀਤੀ | ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ ਨੇ ਮੀਂਹ ਦੇ ਬਾਵਜੂਦ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਮਿਹਨਤ ਕੀਤੀ | ਇਸਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਨੇ ਮੇਲੇ ਤੋਂ ਅਗਲੇ ਹੀ ਦਿਨ ਯੂਨੀਵਰਸਿਟੀ ਨੂੰ ਸਾਫ਼-ਸੁਥਰੀ ਬਨਾਉਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਇੱਕ ਪਰਿਵਾਰ ਹੈ ਅਤੇ ਇਸਦੇ ਮੈਂਬਰਾਂ ਨੇ ਜ਼ਿੰਮੇਵਾਰੀਆਂ ਨਿਭਾ ਕੇ ਪਰਿਵਾਰਕ ਉਤਸਵ ਵਾਂਗ ਕਾਮਯਾਬੀ ਦੀ ਮਿਸਾਲ ਕਾਇਮ ਕੀਤੀ ਹੈ | ਉਹਨਾਂ ਇਹ ਵੀ ਕਿਹਾ ਕਿ ਹੁਣ ਕਿਸਾਨ ਮੇਲੇ ਇੰਟਰਨੈੱਟ ਦੇ ਜ਼ਰੀਏ ਪੰਜਾਬ ਤੋਂ ਬਾਹਰ ਅਤੇ ਵਿਦੇਸ਼ ਦੇ ਲੋਕ ਵੀ ਦੇਖਦੇ ਹਨ ਇਸਲਈ ਸਾਨੂੰ ਹੋਰ ਬਿਹਤਰ ਕਾਰਜ ਕਰਨ ਦੀ ਲੋੜ ਹੈ | ਉਹਨਾਂ ਆਸ ਪ੍ਰਗਟਾਈ ਕਿ ਮਾਰਚ ਦੇ ਮੇਲਿਆਂ ਵਿੱਚ ਆਪਾਂ ਆਪਣੀ ਕਮੀਆਂ ਦੂਰ ਕਰਨ ਵਿੱਚ ਸਫ਼ਲ ਰਹਾਂਗੇ | ਇਸ ਇਕੱਤਰਤਾ ਲਈ ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ  ਨੇ ਕਹੇ | ਉਹਨਾਂ ਕਿਹਾ ਕਿ ਕਿਸਾਨਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਜ਼ਰੂਰੀ ਸੀ ਕਿ ਇਸ ਵਾਰ ਮੇਲੇ ਆਪਣੇ ਪੁਰਾਣੇ ਰੂਪ ਵਿੱਚ ਲੱਗ ਰਹੇ ਹਨ | ਇਸ ਕਾਰਜ ਵਿੱਚ ਯੂਨੀਵਰਸਿਟੀ ਨੇ ਸਾਰੇ ਮਾਧਿਅਮਾਂ ਦੀ ਵਰਤੋਂ ਕੀਤੀ | ਡਾ. ਗੁਰਮੀਤ ਸਿੰਘ ਬੁੱਟਰ ਨੇ ਖੇਤਰੀ ਖੋਜ ਕੇਂਦਰਾਂ ਵਿੱਚ ਹੋਏ ਮੇਲਿਆਂ ਨੂੰ ਸਫਲਤਾ ਨਾਲ ਯੂਨੀਵਰਸਿਟੀ ਦੀ ਗੱਲ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਕਿਹਾ | ਮੰਚ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ | ਉਹਨਾਂ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਜਿਨਾਂ ਨੇ ਕਿਸਾਨ ਮੇਲ਼ਿਆਂ ਦੀ ਜੜ ਲਾਈ | ਉਹਨਾਂ ਆਸ ਪ੍ਰਗਟਾਈ ਕਿ ਨਵੀਂ ਪੀੜੀ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਏਗੀ | ਇਸ ਮੌਕੇ ਮੇਲਿਆਂ ਬਾਰੇ ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਬਣਾਈ ਡਾਕੂਮੈਂਟਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ | ਚਾਹ ਦੇ ਕੱਪ ਤੇ ਲੱਡੂ ਪਕੌੜਿਆਂ ਨਾਲ ਇਸ ਇਕੱਤਰਤਾ ਦੀ ਸਮਾਪਤੀ ਹੋਈ |