ਲੁਧਿਆਣਾ 27 ਮਈ : ਅੱਜ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਪੀ.ਏ.ਯੂ. ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨੇ ਨਿੱਠ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ | ਆਈ ਸੀ ਆਈ ਸੀ ਆਈ ਗਰੁੱਪ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਯੋਜਨਾ ਤਹਿਤ ਤਕਨੀਕੀ ਜਾਣਕਾਰੀ ਦੇ ਅਦਾਨ ਪ੍ਰਦਾਨ ਰਾਹੀਂ ਖੇਤੀ ਨੂੰ ਸਥਿਰ ਬਨਾਉਣ ਲਈ ਇਹ ਸਮਝੌਤਾ ਨੇਪਰੇ ਚੜਿਆ | ਇਸ ਮੌਕੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਨੁਜ ਅਗਰਵਾਲ ਅਤੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪਣੀਆਂ ਸੰਸਥਾਵਾਂ ਤਰਫੋਂ ਸਹੀ ਪਾਈ | ਇਸ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਸੰਜੇ ਦੱਤਾ ਤੋਂ ਬਿਨਾਂ ਉੱਤਰੀ ਜ਼ੋਨ ਦੇ ਮੁਖੀ ਸ਼੍ਰੀ ਅਭੈ ਸ਼ਰਮਾ ਅਤੇ ਪੀ.ਏ.ਯੂ. ਦੇ ਸਮੂਹ ਉੱਚ ਅਧਿਕਾਰੀ ਮੌਜੂਦ ਸਨ | ਇਸ ਸਮਝੌਤੇ ਤਹਿਤ ਸੂਚਨਾ ਦੇ ਆਦਾਨ ਪ੍ਰਦਾਨ ਦਾ ਦੁਵੱਲਾ ਮੰਚ ਤਿਆਰ ਕੀਤਾ ਜਾਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਕਾਰਜਾਂ ਅਤੇ ਗਤੀਵਿਧੀਆਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ | ਇਸ ਨਾਲ ਸਥਿਰ ਖੇਤੀਬਾੜੀ ਵਿਧੀਆਂ ਅਤੇ ਖੋਜੀ ਤਕਨੀਕਾਂ ਨੂੰ ਦੁਨੀਆਂ ਪੱਧਰ ਦੀ ਖੇਤੀ ਅਤੇ ਬਾਗਬਾਨੀ ਤਕਨਾਲੋਜੀ ਦੇ ਰੂਪ ਵਿੱਚ ਲਾਗੂ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ | ਦੋਵੇ ਸਾਂਝੀਦਾਰ ਖੇਤੀ ਚੁਣੌਤੀਆਂ ਦੇ ਟਾਕਰੇ ਲਈ ਇਕ ਦੂਜੇ ਨਾਲ ਸਹਿਯੋਗ ਕਰਨਗੇ | ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਢੁੱਕਵੀਂ ਵਰਤੋਂ ਆਦਿ ਮਸਲਿਆਂ ਤੇ ਸਹਿਯੋਗ ਕਰਕੇ ਬਿਹਤਰ ਕਾਰਜ ਸਾਹਮਣੇ ਲਿਆਂਦਾ ਜਾਵੇਗਾ | ਇਸ ਤੋਂ ਇਲਾਵਾ ਖੇਤੀ ਸਿੱਖਿਆ ਦੇ ਖੇਤਰ ਦੇ ਸਹਿਯੋਗ ਲਈ ਵੀ ਦੋਵੇਂ ਅਦਾਰੇ ਲੋੜਵੰਦਾ ਦੇ ਸਹਿਯੋਗ ਰਾਹੀਂ ਬਿਹਤਰ ਮਾਹੌਲ ਦੀ ਸਿਰਜਣਾ ਲਈ ਯਤਨਸ਼ੀਲ ਹੋਣਗੇ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਮਝੌਤੇ ਨੂੰ ਖੇਤੀ ਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਕਿਹਾ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਢਾਂਚੇ ਰਾਹੀਂ ਖੇਤੀ ਵਿਗਿਆਨ ਅਤੇ ਮੁਹਾਰਤ ਦਾ ਘੇਰਾ ਇਸ ਨਾਲ ਵਧੇਗਾ | ਖੇਤੀ ਖੋਜ ਦੇ ਖੇਤਰ ਵਿੱਚ ਹੋਰ ਬਿਹਤਰ ਸਿੱਟੇ ਸਾਹਮਣੇ ਆਉਣਗੇ | ਡਾ. ਗੋਸਲ ਨੇ ਕਿਹਾ ਕਿ ਸਾਂਝੀਆਂ ਕੋਸ਼ਿਸ਼ਾਂ ਨਾਲ ਖੋਜ ਅਤੇ ਪਸਾਰ ਗਤੀਵਿਧੀਆਂ ਨੂੰ ਮਜ਼ਬੂਤੀ ਤਾਂ ਮਿਲੇਗੀ ਹੀ ਨਾਲ ਹੀ ਸਮਾਜ ਨੂੰ ਉਸਾਰੂ ਦਿਸ਼ਾ ਵੀ ਦਿੱਤੀ ਜਾ ਸਕੇਗੀ | ਉਹਨਾਂ ਕਿਹਾ ਕਿ ਗਿਆਨ ਦਾ ਵਟਾਂਦਰਾ ਅਤੇ ਨਵੀਆਂ ਖੋਜਾਂ ਕਿਸਾਨੀ ਸਮਾਜ ਦੇ ਨਾਲ-ਨਾਲ ਸਥਿਰ ਖੇਤੀ ਨੂੰ ਹਾਂ ਪੱਖੀ ਹੁਲਾਰਾ ਦੇਣਗੇ| ਸ਼੍ਰੀ ਸੰਜੇ ਦੱਤਾ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਛੋਟੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚਕਾਰ ਸੰਪਰਕ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਸਥਿਰ ਖੇਤੀਬਾੜੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਾਕਾਰ ਹੋਣਗੀਆਂ | ਉਹਨਾਂ ਕਿਹਾ ਕਿ ਖੇਤੀ ਸਾਹਮਣੇ ਜੋ ਵੀ ਚੁਣੌਤੀਆਂ ਹਨ ਉਹਨਾਂ ਦੇ ਹੱਲ ਲਈ ਮਾਹਿਰਾਂ ਦੇ ਗਿਆਨ ਅਤੇ ਕਿਸਾਨਾਂ ਦੀ ਲਗਨ ਨੂੰ ਇੱਕੋ ਮੰਚ ਤੇ ਲਿਆਉਣਾ ਇਸ ਸਮਝੌਤੇ ਦਾ ਮੁੱਖ ਉਦੇਸ਼ ਹੈ | ਉਹਨਾਂ ਨੇ ਖੇਤੀ ਅਕਾਦਮਿਕਤਾ ਦੀ ਮਜ਼ਬੂਤੀ ਨੂੰ ਸਮੇਂ ਦੀ ਲੋੜ ਕਿਹਾ ਅਤੇ ਇਸ ਲਈ ਸਾਂਝੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ | ਸ਼੍ਰੀ ਅਨੁਜ ਅਗਰਵਾਲ ਨੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਦੀ ਚਰਚਾ ਕੀਤੀ | ਉਹਨਾਂ ਕਿਹਾ ਕਿ ਫਾਊਂਡੇਸ਼ਨ ਦਾ ਉਦੇਸ਼ ਪੇਂਡੂ ਜੀਵਨ ਪੱਧਰ ਨੂੰ ਵਾਤਾਵਰਨ ਪੱਖੀ ਤਰੀਕੇ ਨਾਲ ਉਸਾਰਨਾ ਅਤੇ ਖੇਤੀ ਨਾਲ ਸੰਬੰਧਿਤ ਉਤਪਾਦਾਂ ਦੀ ਮੁੱਲ ਲੜੀ ਮਜ਼ਬੂਤ ਕਰਨਾ ਹੈ | ਉਹਨਾਂ ਦੀ ਪਹਿਲ ਪਾਣੀ ਦੀ ਸੰਭਾਲ, ਸਰੋਤਾਂ ਦੀ ਢੁੱਕਵੀਂ ਵਰਤੋਂ ਅਤੇ ਵਾਤਾਵਰਨੀ ਸੰਤੁਲਨ ਕਾਇਮ ਕਰਨਾ ਹੈ | ਇਸਦੇ ਨਾਲ ਹੀ ਪੇਂਡੂ ਸੁਆਣੀਆਂ ਦੀ ਮਜ਼ਬੂਤੀ ਲਈ ਯਤਨ ਕਰਨੇ ਅਤੇ ਆਰਥਿਕਤਾ ਵਿੱਚ ਸਥਿਰ ਵਾਧਾ ਕਰਨਾ ਵੀ ਫਾਊਂਡੇਸ਼ਨ ਦੀ ਪਹਿਲ ਕਦਮੀ ਰਹੇਗਾ | ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਪੀਏਯੂ ਦੇ ਖੋਜ ਅਤੇ ਪਸਾਰ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਪੀਏਯੂ ਭਾਰਤ ਦੀਆਂ ਸਰਵੋਤਮ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੈ ਜਿਸਨੇ ਦੇਸ ਵਿੱਚ ਅਨਾਜ ਪੱਖੋਂ ਸਵੈ-ਨਿਰਭਰਤਾ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ | ਉਹਨਾਂ ਨੇ ਇਸ ਸਮਝੌਤੇ ਨੂੰ ਆਉਣ ਵਾਲੀਆਂ ਪੀੜੀਆਂ ਲਈ ਇੱਕ ਮਹੱਤਵਪੂਰਨ ਕਦਮ ਕਿਹਾ | ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਸਵਾਗਤ ਦੇ ਸ਼ਬਦ ਕਹੇ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਹੋਏ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਇਸਦੇ ਉਸਾਰੂ ਸਿੱਟਿਆਂ ਬਾਰੇ ਆਸ ਪ੍ਰਗਟਾਈ | ਸਮਾਗਮ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ | ਜ਼ਿਕਰਯੋਗ ਹੈ ਕਿ ਪੀ.ਏ.ਯੂ. ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਵਿਚਕਾਰ ਇਹ ਸਮਝੌਤਾ ਪੰਜ ਸਾਲਾਂ ਲਈ ਹੋਇਆ ਹੈ | ਇਸ ਸਮਝੌਤੇ ਨੂੰ ਸਮਾਂ ਆਉਣ ਤੇ ਨਵਿਆ ਜਾ ਸਕੇਗਾ |