ਲੁਧਿਆਣਾ, 18 ਮਈ : ਪੀ.ਏ.ਯੂ. ਦੇ ਡਾਇਰੈਕਟੋਰੇਟ ਆਫ ਸਟੂਡੈਂਟਸ ਵੈਲਫੇਅਰ ਦੀ ਸਰਪ੍ਰਸਤੀ ਹੇਠ, ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਵੱਲੋਂ ਬੇਸਿਕ ਸਾਇੰਸਜ ਕਾਲਜ ਦੇ ਵਿਦਿਆਰਥੀਆਂ ਲਈ ਕਿਤਾਬਾਂ ਵੰਡਣ ਅਤੇ ਪਲੇਸਮੈਂਟ ਕਾਊਂਸਲਿੰਗ ਦਾ ਇੱਕ ਸੈਸ਼ਨ ਕਰਵਾਇਆ ਗਿਆ | ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਸ਼ਖਸੀ ਵਿਕਾਸ ਅਤੇ ਹੁਨਰ ਵਧਾਉਣ ਬਾਰੇ ਕਿਤਾਬਾਂ ਵੰਡੀਆਂ ਗਈਆਂ| ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਾਰਨੀ ਤੋਂ ਬਿਨਾਂ ਹੋਰ ਫੈਕਲਟੀ ਮੈਂਬਰ ਹਾਜਰ ਸਨ| ਆਪਣੇ ਸੰਬੋਧਨ ਵਿੱਚ ਡਾ. ਧਾਲੀਵਾਲ ਨੇ ਕਿਹਾ ਕਿ ਪੁਸਤਕਾਂ ਨਾਲ ਮਨੁੱਖ ਦਾ ਬਹੁਤ ਪੁਰਾਣਾ ਸਾਥ ਹੈ | ਵਿਦਿਆਰਥੀਆਂ ਦੀ ਅਜੋਕੀ ਪੀੜ੍ਹੀ ਨੂੰ ਪੁਸਤਕਾਂ ਨਾਲ ਗੂੜ੍ਹਾ ਸਬੰਧ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਵਰਗਾਂ ਦੀਆਂ ਪੁਸਤਕਾਂ ਪੜ•ਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਲੋੜੀਂਦਾ ਗਿਆਨ ਅਤੇ ਹੁਨਰ ਹਾਸਲ ਕਰ ਸਕਣ| ਡਾ. ਵੰਦਨਾ ਕੰਵਰ ਦੁਆਰਾ ਮਾਨਸਿਕ ਸਿਹਤ ’ਤੇ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਬਰਕਰਾਰ ਰੱਖਣ ਦੇ ਤਰੀਕੇ ਸੁਝਾਏ ਗਏ | ਡਾ. ਖੁਸਦੀਪ ਧਰਨੀ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਸੈੱਲ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ| ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਰੁਜਗਾਰ ਯੋਗ ਬਣਾਉਣ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਪਲੇਸਮੈਂਟ ਸੈੱਲ ਦੁਆਰਾ ਕਰਵਾਏ ਜਾ ਰਹੇ ਹੁਨਰ ਨਿਰਮਾਣ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ| ਇਸ ਤੋਂ ਇਲਾਵਾ 24 ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਸਖਸੀਅਤ ਵਿਕਾਸ ਅਤੇ ਹੁਨਰ ਨਿਰਮਾਣ ਨਾਲ ਸਬੰਧਤ ਕਿਤਾਬਾਂ ਵੀ ਵੰਡੀਆਂ ਗਈਆਂ| ਡਾ. ਸ਼ੰਮੀ ਕਪੂਰ, ਡੀਨ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਅਤੇ ਡਾ: ਨਿਰਮਲ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਪੀਏਯੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੀਆਂ ਗਤੀਵਿਧੀਆਂ ਦੀ ਸਲਾਘਾ ਕੀਤੀ| ਡਾ. ਜੌੜਾ ਨੇ ਅੱਗੇ ਕਿਹਾ ਕਿ ਡਾਇਰੈਕਟੋਰੇਟ ਵੱਲੋਂ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਸਮੇਂ-ਸਮੇਂ ਤੇ ਕਰਵਾਈਆਂ ਜਾਣਗੀਆਂ ਤਾਂ ਜੋ ਯੂਨੀਵਰਸਿਟੀ ਦੇ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਲਾਭ ਉਠਾ ਸਕਣ| ਅੰਤ ਵਿੱਚ ਗੁਰਪ੍ਰੀਤ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ |