ਲੁਧਿਆਣਾ, 18 ਮਈ : ਖਰ੍ਹਵੇ ਅਨਾਜਾਂ ਦੀ ਖੇਤੀ, ਪ੍ਰੋਸੈਸਿੰਗ ਅਤੇ ਮੰਡੀਕਰਨ ਨਾਲ ਜੁੜੇ ਦੇਸ਼ ਭਰ ਦੇ ਕਿਸਾਨਾਂ, ਉੱਦਮੀਆਂ ਅਤੇ ਵਿਗਿਆਨੀਆਂ ਨੇ ਹਾਲ ਹੀ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਯੋਜਿਤ ਖਰ੍ਹਵੇ ਅਨਾਜਾਂ ਦੇ ਉਤਪਾਦਨ ਅਤੇ ਮੁੱਲ ਵਾਧੇ ਬਾਰੇ ਵਿਚਾਰ ਚਰਚਾ ਵਿੱਚ ਭਾਗ ਲਿਆ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਖੇਤੀ ਵਿਭਿੰਨਤਾ ਵਿੱਚ ਅਗਵਾਈ ਕਰਨ ਲਈ ਕਿਸਾਨਾਂ ਅਤੇ ਉੱਦਮੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਖਰ੍ਹਵੇ ਅਨਾਜਾਂ ਦੇ ਕਾਰੋਬਾਰ ਨਾਲ ਜੁੜੇ ਉੱਦਮੀਆਂ ਨੇ ਤਿਆਰ ਕੀਤੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ। ਕਿਸਾਨਾਂ ਅਤੇ ਉੱਦਮੀਆਂ ਲਈ ਬਾਜਰੇ ਦੀ ਖੇਤੀ, ਪ੍ਰੋਸੈਸਿੰਗ ਅਤੇ ਮੰਡੀਕਰਨ ਵਿੱਚ ਆਪਣੇ ਤਜਰਬੇ ਸਾਂਝੇ ਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ ਸੀ। ਪੀਏਯੂ ਦੇ ਖੋਜ ਨਿਰਦੇਸ਼ਕ ਡਾ.ਏ.ਐਸ.ਢੱਟ ਨੇ ਸਭ ਦਾ ਧੰਨਵਾਦ ਕੀਤਾ। ਅਪਰ ਨਿਰਦੇਸ਼ਕ ਖੋਜ ਡਾ ਗੁਰਜੀਤ ਸਿੰਘ ਮਾਂਗਟ, ਡਾ. ਵੀ.ਐਸ. ਸੋਹੂ, ਮੁਖੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ; ਡਾ.ਆਰ.ਐਸ.ਸੋਹੂ, ਇੰਚਾਰਜ, ਚਾਰਾ, ਬਾਜਰੇ ਅਤੇ ਪੋਸ਼ਣ ਸੈਕਸ਼ਨ ਅਤੇ ਡਾ: ਰਮਨਦੀਪ ਸਿੰਘ, ਡਾਇਰੈਕਟਰ, ਸਕੂਲ ਆਫ਼ ਐਗਰੀਬਿਜ਼ਨਸ ਸਟੱਡੀਜ਼, ਪੀਏਯੂ ਵੀ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਏ।