ਲੁਧਿਆਣਾ 3 ਮਈ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਜੈਵਿਕ ਖੇਤੀ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿੱਚ ਲਗਭਗ 34 ਸਿਖਿਆਰਥੀਆਂ ਨੇ ਭਾਗ ਲਿਆ| ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਜੈਵਿਕ ਢੰਗਾਂ ਨਾਲ ਖੇਤੀ ਕਰਨਾ ਸਿਖਾਉਣਾ ਤਾਂ ਕਿ ਕੀਟਨਾਸ਼ਕਾਂ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ ਅਤੇ ਜੀਵਾਣੂੰ ਖਾਦਾਂ ਬਣਾ ਕੇ ਇਸ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ| ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਸਿਖਿਆਰਥੀਆਂ ਨੂੰ ਜੈਵਿਕ ਖੇਤੀ ਸੰਬੰਧੀ ਮੁਕੰਮਲ ਜਾਣਕਾਰੀ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਦਿੱਤੀ ਗਈ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਨੇ ਸਿਖਿਆਰਥੀਆਂ ਨਾਲ ਆਪਣੇ ਤਜਰਬੇ ਵੀ ਸਾਂਝੇ ਕੀਤੇ| ਇਸ ਮੌਕੇ ਤੇ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਮਾਪਦੰਡਾਂ ਅਤੇ ਪ੍ਰਮਾਣੀਕਰਨ ਅਤੇ ਪੰਜਾਬ ਵਿੱਚ ਕੁਦਰਤੀ ਖੇਤੀ ਦੇ ਭਵਿੱਖ ਬਾਰੇ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ| ਡਾ. ਸੋਹਣ ਸਿੰਘ ਵਾਲੀਆ, ਡਾਇਰੈਕਟਰ, ਸਕੂਲ ਆਫ ਆਰਗੈਨਿਕ ਫਾਰਮਿੰਗ ਨੇ ਸਰਵਪੱਖੀ ਜੈਵਿਕ ਫਾਰਮ ਬਾਰੇ ਅਤੇ ਚੰਗੀਆਂ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਫਸਲ ਉਤਪਾਦਨ ਬਾਰੇ ਜਾਣਕਾਰੀ ਸਾਂਝੀ ਕੀਤੀ| ਡਾ. ਨੀਰਜ ਰਾਣੀ ਨੇ ਗੰਡੋਆਂ ਦੀ ਖਾਦ ਬਾਰੇ, ਡਾ. ਕੁਲਦੀਪ ਸਿੰਘ ਭੁੱਲਰ ਨੇ ਫਲਦਾਰ ਬੂਟਿਆਂ ਦੀ ਜੈਵਿਕ ਖੇਤੀ ਬਾਰੇ, ਡਾ. ਗੁਲਾਬ ਪਾਂਡੋਵ ਨੇ ਜੈਵਿਕ ਖਾਦਾਂ ਬਾਰੇ, ਡਾ. ਸੁਖਪ੍ਰੀਤ ਸਿੰਘ ਨੇ ਜੈਵਿਕ ਖੇਤੀ ਵਿੱਚ ਪਾਣੀ ਦੇ ਸੁਚੱਜੇ ਪ੍ਰਬੰਧ ਬਾਰੇ, ਡਾ. ਸੁਭਾਸ਼ ਸਿੰਘ ਨੇ ਜੈਵਿਕ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਬਾਰੇ, ਡਾ. ਅਜੇ ਕੁਮਾਰ ਚੌਧਰੀ ਨੇ ਜੈਵਿਕ ਖੇਤੀ ਵਿੱਚ ਬੀਮਾਰੀਆਂ ਦੀ ਰੋਕਥਾਮ ਬਾਰੇ, ਡਾ. ਵਿਜੇਂਦਰਪਾਲ ਨੇ ਸਰਵਪੱਖੀ ਖੇਤੀ ਪ੍ਰਬੰਧ ਦੁਆਰਾ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਬਾਰੇ, ਡਾ. ਰਜਿੰਦਰ ਕੁਮਾਰ ਨੇ ਦਵਾਈਆਂ ਵਾਲੇ ਅਤੇ ਹਰਬਲ ਬੂਟਿਆਂ ਦੀ ਖੇਤੀ ਬਾਰੇ, ਡਾ. ਮਨੀਸ਼ਾ ਠਾਕੁਰ ਨੇ ਸਬਜੀਆਂ ਦੀ ਕੁਦਰਤੀ ਖੇਤੀ ਬਾਰੇ, ਡਾ. ਪਰਮਜੀਤ ਕੌਰ ਨੇ ਦਵਾਈਆਂ ਵਾਲੇ ਅਤੇ ਹਰਬਲ ਬੂਟਿਆਂ ਦੀ ਮਹਤੱਤਾ ਬਾਰੇ, ਡਾ. ਖੁਸ਼ਦੀਪ ਧਰਨੀ ਨੇ ਜੈਵਿਕ ਪਦਾਰਥਾਂ ਦੇ ਮੰਡੀਕਰਣ ਕਰਨ ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ| ਇਸ ਕੋਰਸ ਦੀ ਕੋ-ਕੋਆਰਡੀਨੇਟਰ ਸ਼੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਕੋਰਸ ਦੇ ਸਿਖਿਆਰਥੀਆਂ ਨੂੰ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵੱਖ-ਵੱਖ ਯੂਨਿਟਾਂ ਦਾ ਦੌਰਾ ਵੀ ਕਰਵਾਇਆ ਗਿਆ ਜਿਵੇਂ ਕਿ ਸਰਵਪੱਖੀ ਖੇਤੀ ਪ੍ਰਬੰਧ ਫਾਰਮ, ਜੈਵਿਕ ਖੇਤੀ ਦਾ ਖੋਜ ਫਾਰਮ, ਵਰਮੀਕੰਪੋਸਟ ਯੂਨਿਟ ਅਤੇ ਵੱਖ-ਵੱਖ ਖੋਜ ਤਜਰਬਾ ਖੇਤਰਾਂ ਦਾ ਦੌਰਾ ਵੀ ਕਰਵਾਇਆ ਗਿਆ| ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ |