ਲੁਧਿਆਣਾ 24 ਅਪ੍ਰੈਲ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਕਰਵਾਈ ਗਈ 56ਵੀਂ ਸਲਾਨਾ ਐਥਲੈਟਿਕ ਮੀਟ ਵਿੱਚ ਕੁੜੀਆਂ ਦੇ ਵਰਗ ਵਿੱਚ ਓਵਰਆਲ ਟਰਾਫੀ ਕਮਿਊਨਟੀ ਸਾਇੰਸ ਕਾਲਜ ਨੇ ਜਿੱਤੀ | ਅੱਜ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਜਿੱਤ ਲਈ ਕਾਲਜ ਦੇ ਖਿਡਾਰੀਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ | ਡਾ. ਸਿੱਧੂ ਨੇ ਕਿਹਾ ਕਿ ਇਹ ਓਵਰਆਲ ਟਰਾਫੀ ਕਾਲਜ ਦੇ ਹਿੱਸੇ 25 ਸਾਲ ਬਾਅਦ ਆਈ ਹੈ | ਇਹੀ ਨਹੀਂ ਕੁੜੀਆਂ ਦੇ ਵਰਗ ਦੀ ਬੈਸਟ ਐਥਲੀਟ ਵੀ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਬਣੀ | ਹਰਲੀਨ ਕੌਰ ਨੇ ਇਸ ਤੋਂ ਇਲਾਵਾ ਬਰੋਡ ਜੰਪ 100 ਮੀਟਰ, ਉੱਚੀ ਛਾਲ 200 ਮੀਟਰ ਵਿੱਚ ਪਹਿਲੇ ਸਥਾਨ ਹਾਸਲ ਕੀਤੇ | ਕਾਲਜ ਦੀ ਇੱਕ ਹੋਰ ਐਥਲੀਟ ਜਸਲੀਨ ਕੌਰ ਨੇ ਡਿਸਕਸ ਸੁੱਟਣ, ਸ਼ਾਟਪੁੱਟ ਸੁੱਟਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ | ਡਾ. ਸਿੱਧੂ ਨੇ ਦੱਸਿਆ ਕਿ ਹਰਲੀਨ ਕੌਰ ਨੇ 200 ਮੀਟਰ ਦੌੜ ਵਿੱਚ ਆਪਣਾ ਹੀ ਪੁਰਾਣਾ ਰਿਕਾਰਡ ਤੋੜਦੇ ਹੋਏ 26.73 ਸੈਕਿੰਟ ਦਾ ਨਵਾਂ ਰਿਕਾਰਡ ਬਣਾਇਆ | ਇਸ ਤੋਂ ਇਲਾਵਾ ਇਸ ਐਥਲੀਟ ਨੇ 100 ਮੀਟਰ ਵਿੱਚ 13 ਸੈਕਿੰਟ ਦਾ ਆਪਣਾ ਪੁਰਾਣਾ ਰਿਕਾਰਡ ਤੋੜ ਕੇ 12.65 ਸੈਕਿੰਟ ਦਾ ਨਵਾਂ ਰਿਕਾਰਡ ਸਥਾਪਿਤ ਕੀਤਾ | ਉਹਨਾਂ ਨੇ ਸਮੁੱਚੇ ਸਟਾਫ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ| ਡਾ ਕਿਰਨਜੋਤ ਸਿੱਧੂ ਨੇ ਕਾਲਜ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਕਾਲਜ ਦੇ ਸਪੋਰਟਸ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ ਜਸਵਿੰਦਰ ਕੌਰ ਬਰਾੜ ਹੁਰਾਂ ਦੀ ਮਿਹਨਤ ਨੂੰ ਵੀ ਬੇਹੱਦ ਅਹਿਮ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਕਾਲਜ ਨੇ ਸਹਿ ਗਤੀਵਿਧੀਆਂ ਵਿਚ ਲਗਾਤਾਰ ਵਿਕਾਸ ਕੀਤਾ ਹੈ।