ਪੀ.ਏ.ਯੂ. ਨੇ ਕਿਸਾਨਾਂ ਲਈ ਸਿਖਲਾਈ ਕੈਂਪ ਲਾਏ

ਲੁਧਿਆਣਾ 18 ਅਪ੍ਰੈਲ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਕੇਕ, ਬਿਸਕੁਟ ਅਤੇ ਮਠਿਆਈਆਂ ਬਨਾਉਣ ਸੰਬੰਧੀ ਪੰਜ ਦਿਨਾਂ ਕਿੱਤਾ ਸਿਖਲਾਈ ਕੋਰਸ ਸ਼ੁਰੂ ਹੋਇਆ| ਇਸ ਕੋਰਸ ਵਿੱਚ 67 ਸਿਖਿਆਰਥੀ ਭਾਗ ਲੈ ਰਹੇ ਹਨ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਇਸ ਕੋਰਸ ਵਿੱਚ ਭਾਗ ਲੈ ਰਹੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੋਰਸ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਿਖਿਆਰਥੀਆਂ ਲਈ ਲਗਾਇਆ ਗਿਆ ਹੈ| ਇਸ ਪੰਜ ਦਿਨਾਂ ਕੋਰਸ ਵਿੱਚ ਸਿਖਿਆਰਥੀਆਂ ਨੂੰ ਬੇਕਰੀ ਅਤੇ ਕੰਨਫੈਕਸ਼ਨਰੀ ਸੰਬੰਧੀ ਭੋਜਨ ਅਤੇ ਪੋਸ਼ਣ ਵਿਭਾਗ ਦੇ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਵਿਹਾਰਕ ਜਾਣਕਾਰੀ ਹਾਸਲ ਕਰਨ ਦਾ ਭਰਪੂਰ ਮੌਕਾ ਪ੍ਰਾਪਤ ਹੋਵੇਗਾ| ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਨੇ ਕੋਰਸ ਦੀ ਸਮਾਂ-ਸਾਰਣੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ| ਇਸ ਪੰਜ ਦਿਨਾਂ ਕੋਰਸ ਦੇ ਪਹਿਲੇ ਦਿਨ ਡਾ. ਜਸਵਿੰਦਰ ਕੌਰ ਬਰਾੜ ਕੈਰੇਮਲ ਕੇਕ, ਸਪੰਜ ਕੇਕ ਅਤੇ ਬਿਨਾਂ ਅੰਡੇ ਦਾ ਕੇਕ ਤਿਆਰ ਕਰਨ ਦੀ ਵਿਧੀ ਅਤੇ ਜਰੂਰੀ ਨੁਸਖੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ| ਇਸ ਦੇ ਨਾਲ ਹੀ ਬੀਤੇ ਦਿਨੀਂ ਮੋਟੇ ਅਨਾਜਾਂ (ਮਿਲਟਸ) ਦੀ ਕਾਸ਼ਤ ਸੰਬੰਧੀ ਦੋ ਰੋਜਾ ਸਿਖਲਾਈ ਕੋਰਸ ਕਰਵਾਇਆ ਗਿਆ| ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 7 ਸਿਖਿਆਰਥੀਆਂ ਨੂੰ ਡਾ. ਅਮਿਤ ਕੌਲ, ਡਾ. ਮਨਿੰਦਰ ਕੌਰ, ਡਾ. ਇੰਦਰਪ੍ਰੀਤ ਕੌਰ ਧਾਲੀਵਾਲ, ਡਾ. ਰੇਨੁਕਾ ਅਗਰਵਾਲ, ਡਾ. ਜਗਬੀਰ ਰਿਹਾਲ, ਡਾ. ਮਨਿੰਦਰ ਕੌਰ, ਡਾ. ਅਰਸ਼ਦੀਪ ਸਿੰਘ ਨੇ ਵੱਖ-ਵੱਖ ਵਿਸ਼ਿਆਂ ਉੱਪਰ ਭਰਪੂਰ ਜਾਣਕਾਰੀ ਸਾਂਝੀ ਕੀਤੀ| ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਪਲਾਂਟ ਦਾ ਦੌਰਾ ਵੀ ਕਰਵਾਇਆ ਗਿਆ| ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ|