ਲੁਧਿਆਣਾ 5 ਅਪ੍ਰੈਲ : ਅੱਜ ਪੀ.ਏ.ਯੂ. ਦੇ ਹੋਸਟਲ ਨੰ. 1 ਵਿੱਚ ਇੱਕ ਸ਼ੋਕ ਸਭਾ ਹੋਈ | ਬੀ ਐੱਸ ਸੀ ਐਗੀਰਕਲਚਰ ਦੇ ਤੀਜੇ ਸਾਲ ਦੇ ਵਿਦਿਆਰਥੀ ਕੁਸ਼ਵਿੰਦਰ ਸਿੰਘ ਦੀ ਬੀਤੇ ਦਿਨੀਂ ਹੋਈ ਮੌਤ ਬਾਰੇ ਸ਼ੋਕ ਪ੍ਰਗਟ ਕਰਨ ਲਈ ਇਸ ਸਭਾ ਦਾ ਆਯੋਜਨ ਕੀਤਾ ਗਿਆ ਸੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੁਸ਼ਵਿੰਦਰ ਸਿੰਘ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਉਹਨਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੁਸ਼ਵਿੰਦਰ ਸਿੰਘ ਬਹੁਤ ਹੋਣਹਾਰ ਵਿਦਿਆਰਥੀ ਸੀ ਅਤੇ ਉਸਦੇ ਜਾਣ ਨਾਲ ਉਸਦੇ ਪਰਿਵਾਰ, ਪੀ.ਏ.ਯੂ. ਅਤੇ ਸਮਾਜ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ | ਉਹਨਾਂ ਕਿਹਾ ਵਿਦਿਆਰਥੀਆਂ ਦੀ ਜਾਨ ਬਹੁਤ ਕੀਮਤੀ ਹੈ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਕੇ ਇਸ ਦੁਨੀਆਂ ਨੂੰ ਨੇਮਬੱਧ ਬਣਾਇਆ ਜਾ ਸਕਦਾ ਹੈ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਪਣੇ ਸੰਦੇਸ਼ ਵਿੱਚ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ | ਉਹਨਾਂ ਕਿਹਾ ਕਿ ਇਸ ਨੌਜਵਾਨ ਹੋਣਹਾਰ ਵਿਦਿਆਰਥੀ ਦੀ ਮੌਤ ਨਾਲ ਸਾਰੀ ਯੂਨੀਵਰਸਿਟੀ ਸਕਤੇ ਵਿੱਚ ਆ ਗਈ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਔਖੀ ਘੜੀ ਵਿੱਚ ਪਰਿਵਾਰ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪੀ.ਏ.ਯੂ. ਦੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਆਰ ਕੇ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੀ.ਏ.ਯੂ. ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਮੌਜੂਦ ਰਹੇ |