- ਪੰਜਾਬ ਸਰਕਾਰ ਦਾ ਪੇਪਰ ਲੈਸ ਪ੍ਰਸ਼ਾਸਨਿਕ ਸੇਵਾਵਾਂ ਦੇਣ ਵੱਲ ਇੱਕ ਹੋਰ ਕਦਮ
ਪਟਿਆਲਾ, 18 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੇਵਾ ਕੇਂਦਰ 'ਚ ਸੇਵਾਵਾਂ ਪ੍ਰਾਪਤ ਕਰਨ ਵਾਲੇ ਨਾਗਰਿਕਾਂ ਨੂੰ ਹੁਣ ਫੀਸ ਦੀ ਰਸੀਦ ਐਸ.ਐਮ.ਐਸ. ਰਾਹੀਂ ਵੀ ਭੇਜੀ ਜਾਵੇਗੀ ਤੇ ਨਾਗਰਿਕ ਫੀਸ ਦੀ ਰਸੀਦ ਨੂੰ ਡਾਊਨਲੋਡ ਵੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਪੰਜਾਬ ਵੱਲੋਂ ਵਾਤਾਵਰਣ ਪੱਖੀ ਪਹਿਲਕਦਮੀ ਕਰਦਿਆਂ ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀਆਂ ਫੀਸਾਂ ਦੀ ਰਸੀਦ ਬਿਨੈਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ'ਤੇ ਐਸ.ਐਮ.ਐਸ. ਰਾਹੀਂ ਭੇਜਣੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਜੇਕਰ ਬਿਨੈਕਾਰ ਕਾਗਜ਼ੀ ਰਸੀਦ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਵਾਧੂ ਖਰਚੇ ਤੋਂ ਹਸਤਾਖਰ ਅਤੇ ਮੋਹਰ ਵਾਲੀ ਰਸੀਦ ਦਿੱਤੀ ਜਾਵੇਗੀ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਪੰਜਾਬ ਸਰਕਾਰ ਦੇ ਵਾਤਾਵਰਣ ਪੱਖੀ ਇਸ ਉਪਰਾਲੇ ਦਾ ਹਿੱਸਾ ਬਣਨ। ਪੇਪਰ ਲੈਸ ਰਸੀਦ ਪ੍ਰਾਪਤੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸੇਵਾ ਕੇਂਦਰ 'ਚ ਸੇਵਾਵਾਂ ਪ੍ਰਾਪਤ ਕਰਨ ਆਏ ਵਿਅਕਤੀ ਨੇ ਕਿਹਾ ਕਿ ਇਸ ਨਾਲ ਹੁਣ ਰਸੀਦ ਦੇ ਗੁੰਮ ਹੋਣ ਦੀ ਚਿੰਤਾ ਖਤਮ ਹੋਵੇਗੀ ਅਤੇ ਜਦ ਵੀ ਜ਼ਰੂਰਤ ਹੋਵੇਗੀ ਤਾਂ ਰਸੀਦ ਨੂੰ ਬਿਨ੍ਹਾਂ ਕਿਸੇ ਦਿੱਕਤ ਦੇ ਡਾਊਨਲੋਡ ਕੀਤਾ ਜਾ ਸਕੇਗਾ।