ਪਰਮਿੰਦਰ ਸਿੰਘ ਗਰੇਵਾਲ ਫਾਊਂਡੇਸ਼ਨ ਪੰਜਾਬ ਦੇ ਜਨਰਲ ਸਕੱਤਰ ਅਤੇ ਹਰਪਾਲ ਸਿੰਘ ਪਾਲੀ ਸਕੱਤਰ ਫਾਊਂਡੇਸ਼ਨ ਪੰਜਾਬ ਨਿਯੁਕਤ ਕੀਤੇ

  • 14 ਮਈ ਨੂੰ ਹਾਥੀ, ਘੋੜਿਆਂ, ਬੈਂਡ ਵਾਜਿਆਂ, ਗਤਕਾ ਪਾਰਟੀਆਂ ਨਾਲ ਹੋਵੇਗਾ ਫ਼ਤਿਹ ਮਾਰਚ ਦਾ ਅਰੰਭ- ਬਾਵਾ
  • ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਨੂੰ ਫ਼ਤਿਹ ਮਾਰਚ 'ਚ ਸ਼ਾਮਲ ਹੋਣ ਦਾ ਸੱਦਾ

ਮੁੱਲਾਂਪੁਰ ਦਾਖਾ, 8 ਮਈ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ 14 ਮਈ ਦੇ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਅਰੰਭ ਕੀਤੇ ਜਾ ਰਹੇ ਫ਼ਤਿਹ ਮਾਰਚ ਸਬੰਧੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਫਾਊਂਡੇਸ਼ਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਬਾਦਲ ਸਿੰਘ ਸਿੱਧੂ, ਫਾਊਂਡੇਸ਼ਨ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਗੁਰਮੀਤ ਕੌਰ ਆਹਲੂਵਾਲੀਆ, ਵਾਈਸ ਪ੍ਰਧਾਨ ਫਾਊਂਡੇਸ਼ਨ ਅਮਰੀਕਾ ਰਾਜ ਸਿੰਘ ਗਰੇਵਾਲ, ਸਕੱਤਰ ਫਾਊਂਡੇਸ਼ਨ ਸੁੱਚਾ ਸਿੰਘ ਤੁਗਲ, ਜਨਰਲ ਸਕੱਤਰ ਫਾਊਂਡੇਸ਼ਨ ਜਗਦੇਵ ਸਿੰਘ ਦਿਉਲ, ਗੁਲਸ਼ਨ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ ਲੁਧਿਆਣਾ ਮੁੱਖ ਤੌਰ 'ਤੇ ਸ਼ਾਮਲ ਹੋਏ।ਇਸ ਸਮੇਂ ਉੱਘੇ ਸਮਾਜਸੇਵੀ ਨੌਜਵਾਨ ਨੇਤਾ ਪਰਮਿੰਦਰ ਸਿੰਘ ਗਰੇਵਾਲ (ਸੋਨੂੰ) ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਪੰਜਾਬ ਦਾ ਜਨਰਲ ਸਕੱਤਰ ਅਤੇ ਹਰਪਾਲ ਸਿੰਘ ਪਾਲੀ ਨੂੰ ਰਕਬਾ ਨੂੰ ਸਕੱਤਰ ਨਿਯੁਕਤ ਕੀਤਾ।ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ 14 ਮਈ ਸਵੇਰੇ 8 ਵਜੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਲਣ ਵਾਲੇ ਫ਼ਤਿਹ ਮਾਰਚ ਨੂੰ ਰਵਾਨਾ ਕਰਨ ਦੀ ਰਸਮ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ, ਬਾਬਾ ਜੋਗਿੰਦਰ ਸਿੰਘ, ਬਾਬਾ ਰਾਮਪਾਲ ਸਿੰਘ ਝਾਂਡੇ, ਸੰਤ ਬਲਵੀਰ ਸਿੰਘ ਲੰਮੇ ਜੱਟ ਪੁਰੇ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲੇ ਅਦਾ ਕਰਨਗੇ। ਉਹਨਾਂ ਦੱਸਿਆ ਕਿ ਅਰੰਭ ਸਮੇਂ ਹਾਥੀ, ਘੋੜਿਆਂ, ਬੈਂਡ ਵਾਜਿਆਂ, ਗਤਕਾ ਪਾਰਟੀਆਂ ਨਾਲ ਫ਼ਤਿਹ ਮਾਰਚ ਸ਼ੁਰੂ ਹੋਵੇਗਾ। ਉਹਨਾਂ ਇਸ ਸਮੇਂ ਇਲਾਕੇ ਦੀਆਂ ਸੰਗਤਾਂ, ਸਮੂਹ ਪੰਚਾਇਤਾਂ, ਨੌਜਵਾਨਾਂ, ਸਪੋਰਟਸ ਕਲੱਬਾਂ, ਸਮਾਜਸੇਵੀ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।