ਸਾਡੇ ਪੁੱਤ ਦੀ ਕਮਾਈ ਬਹੁਤ ਹੈ, ਪੈਸਾ ਅਸੀਂ ਅੱਗ ਨੀ ਲਾਉਣਾ, ਪਰ ਸਾਨੂੰ ਇਨਸਾਫ ਚਾਹੀਦਾ ਹੈ : ਮਾਂ ਚਰਨ ਕੌਰ

ਮਾਨਸਾ, 29 ਜਨਵਰੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਅੱਜ ਆਪਣੇ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸੰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਨੇ ਉਨ੍ਹਾਂ ਦੇ ਸਪੁੱਤਰ ਗਾਇਕ ਸਿੱਧੂ ਮੂਸੇਵਾਲਾ ਦੀ ਸਕਿਊਰਿਟੀ ਵਾਪਸ ਲੈਣ ਸਬੰਧੀ ਜੋ ਪੋਸਟ ਪਾਈ ਸੀ ਤੇ ਉਸ ਤੋਂ ਬਾਅਦ ਸਿੱਧੂ ਦੇ ਕਤਲ ਕਰਨ ਬਾਰੇ ਵੀ ਪੋਸਟ ਵੀ ਪਾਈ ਸੀ। ਮਾਂ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ 8 ਮਹੀਨੇ ਹੋ ਗਏ ਸਕਿਊਰਿਟੀ ਵਾਪਸ ਲੈਣ ਸਬੰਧੀ ਪੋਸਟ ਪਾਉਣ ਵਾਲੇ ਤੇ ਕਾਰਵਾਈ ਦੀ ਮੰਗ ਕਰਦਿਆਂ, ਉਨ੍ਹਾਂ ਵੱਲੋਂ ਸਬੂਤ ਵੀ ਦਿੱਤੇ ਜਾ ਚੁੱਕੇ ਹਨ, ਪਰ ਸਰਕਾਰ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ, ਇਹ ਬੱਦਲ ਵਰਗੀ ਸਰਕਾਰ ਹੈ। ਉਨਾਂ ਕਿਹਾ ਕਿ ਉਹ ਇਹ ਸੋਚ ਕੇ ਚੁੱਪ ਕਰ ਜਾਂਦੇ ਹਨ ਕਿ ਸ਼ਾਇਦ ਉਨ੍ਹਾਂ ਦੇ ਬੱਚੇ ਨੂੰ ਇਨਸਾਫ ਮਿਲੂਗਾ। ਉਨ੍ਹਾਂ ਕਿਹਾ ਕਿ ਉਹ ਅੱਜ ਤੱਕ ਹਰੇਕ ਪਾਰਟੀ ਨਾਲ ਮਿਲ ਚੁੱਕੇ ਹਨ, ਉਨ੍ਹਾਂ ਕਿਹਾ ਕਿ ਸਾਨੂੰ ਇੱਧਰ ਨਾ ਜਾਓ, ਉੱਧਰ ਨਾ ਜਾਓ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਠ ਮਹੀਨੇ ਹੋ ਗਏ ਇਨਸਾਫ ਦੀ ਮੰਗ ਕਰਦਿਆਂ ਨੂੰ, ਪਰ ਹੁਣ ਤਾਂ ਇਨਸਾਫ ਦੀ ਉਮੀਦ ਵੀ ਨਹੀਂ ਰਹੀ।ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਸਰਕਾਰਾਂ ਸਾਡਾ ਇਮਤਿਹਾਨ ਲੈ ਰਹੀਆਂ ਨੇ, ਪਰ ਹੁਣ ਸਾਡਾ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸਾਡੀ ਚੁੱਪ ਨੂੰ ਕਮਜ਼ੋਰੀ ਨਾ ਸਮਝਿਓ। ਮਾਂ ਚਰਨ ਕੌਰ ਨੇ ਕਿਹਾ ਕਿ ਸਾਡੇ ਪੁੱਤ ਦੀ ਕਮਾਈ ਬਹੁਤ ਹੈ, ਪੈਸਾ ਅਸੀਂ ਅੱਗ ਨੀ ਲਾਉਣਾ, ਪਰ ਸਾਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਇਨਸਾਫ ਲਈ ਲੜਦੇ ਰਹਿਣਗੇ, ਉਨ੍ਹਾਂ ਸਿੱਧੂ ਦੇ ਸਮੱਰਥਕਾਂ ਦੇ ਸਹਿਯੋਗ ਦੀ ਮੰਗ ਕੀਤੀ ਤੇ ਕਿਹਾ ਕਿ ਸਹਿਯੋਗ ਮਿਲ ਵੀ ਰਿਹਾ ਹੈ। ਮਾਂ ਚਰਨ ਕੌਰ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਜਾਣ ਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਉਸ ਦੇ ਸਮੱਰਥਕਾਂ ਨੂੰ ਵੀ ਵੱਡਾ ਘਾਟਾ ਪਿਆ ਹੈ।