ਰਾਏਕੋਟ, 20 ਮਈ (ਚਮਕੌਰ ਸਿੰਘ ਦਿਓਲ) : ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰੀਬੀ ਪਿੰਡ ਬੱਸੀਆਂ ਦੇ ਗੁਰੂਦੁਆਰਾ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਖੂਬਸੂਰਤ ਫੁੱਲਾ ਨਾਲ ਸਿੰਗਾਰਿਆ ਹੋਇਆ ਸੀ।ਨਗਰ ਕੀਰਤਨ ਦੇ ਅੱਗੇ ਗੱਤਕਾ ਪਾਰਟੀਆ ਆਪਣੀ ਕਲਾ ਦੇ ਜੌਹਰ ਦਿਖਾ ਰਹੀਆ ਸਨ ਅਤੇ ਸੰਗਤਾ ਦਾ ਵਿਸ਼ਾਲ ਕਾਫਿਲਾ ਨਗਰ ਕੀਰਤਨ ਨਾਲ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਹੈ।ਨਗਰ ਕੀਰਤਨ ਗੁਰੂਦੁਆਰਾ ਸਿੰਘ ਸਭਾ ਤੋ ਸ਼ੁਰੂ ਹੋ ਕੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰੂਦੁਆਰਾ ਸਾਹਿਬ ਵਾਪਸ ਆ ਕੇ ਸੰਪੰਨ ਹੋਇਆ। ਨਗਰ ਕੀਰਤਨ ਦਾ ਸੰਗਤਾ ਵੱਲੋ ਵੱਖ-ਵੱਖ ਪੜਾਵਾ ਤੇ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਜਗਦੀਸ਼ ਸਿੰਘ ਤਿਹਾੜਾ ਵੱਲੋ ਸੰਗਤਾ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਸੰਗਤਾ ਨੂੰ ਕੌਮ ਦੇ ਸ਼ਾਨਾਮੱਤੀ ਕੁਰਬਾਨੀਆ ਭਰੇ ਧਾਰਮਿਕ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਬਲਦੇਵ ਸਿੰਘ ਕੈਲਾ ਵੱਲੋ ਨਿਭਾਈ ਗਈ। ਇਸ ਮੌਕੇ ਗੁਰੂਦੁਆਰਾ ਕਮੇਟੀ ਪ੍ਰਧਾਨ ਨਾਜਰ ਸਿੰਘ ਗਿੱਲ, ਖਜਾਨਚੀ ਰਾਜਿੰਦਰਪਾਲ ਸਿੰਘ ਕੈਲਾ,ਸੈਕਟਰੀ ਅਵਤਾਰ ਸਿੰਘ ਚੀਮਾ,ਦਰਸ਼ਨ ਸਿੰਘ ਚੀਮਾ,ਸਟੋਰਕੀਪਰ ਹਰਪਾਲ ਸਿੰਘ ਚੀਮਾ,ਅਮਨਦੀਪ ਸਿੰਘ, ਭਜਨ ਸਿੰਘ ਧਾਲੀਵਾਲ, ਗੁਰਮੇਲ ਸਿੰਘ ਕਰੀ,ਗ੍ਰੰਥੀ ਭਾਈ ਗੁਰੰਜਟ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾ ਹਾਜ਼ਰ ਸਨ।