- ਕੈਬਨਿਟ ਮੰਤਰੀ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ
- ਵਾਤਾਵਰਣ 'ਚ ਸੁਧਾਰ ਲਈ ਜਾਰੀ ਕਾਰਜ਼ਾਂ ਦੀ ਕੀਤੀ ਸਮੀਖਿਆ
- ਕਿਹਾ! ਵਾਤਾਵਰਣ ਦੀ ਸੁ਼ੱਧਤਾ ਲਈ ਵੱਧ ਤੋਂ ਵੱਧ ਰੁੱਖ ਹੋਣੇ ਲਾਜ਼ਮੀ
- 45 ਨਵੇਂ ਭਰਤੀ ਹੋਏ ਗਾਰਡਾਂ ਨੂੰ ਨੌਕਰੀ ਲਈ ਦਿੱਤੀ ਮੁਬਾਰਕਬਾਦ
- ਅਜੋਕੇ ਵਾਤਾਵਰਣ ਦੀ ਰੱਖਿਆ ਲਈ ਆਪਣੀ ਡਿਊਟੀ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਵੀ ਕੀਤਾ ਪ੍ਰੇਰਿਤ
ਲੁਧਿਆਣਾ, 23 ਨਵੰਬਰ : ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਸਥਾਨਕ ਸਟੇਟ ਫੌਰੈਸਟ ਰਿਸਰਚ ਇੰਸਟੀਚਿਊਟ (ਐਸ.ਐਫ.ਆਰ.ਆਈ.) ਲਾਢੋਵਾਲ ਵਿਖੇ ਖੇਤਰੀ ਪੱਧਰ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 15 ਜ਼ਿਲ੍ਹਿਆਂ ਦੇ ਜ਼ਿਲ੍ਹਾ ਵਣ ਅਫ਼ਸਰਾਂ (ਡੀ.ਐਫ.ਓਜ) ਵਲੋਂ ਸ਼ਮੂਲੀਅਤ ਕੀਤੀ ਗਈ। ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਹੋਰ ਹਰਿਆ ਭਰਿਆ ਅਤੇ ਇਸਦੇ ਵਾਤਾਵਰਨ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਚੱਲ ਰਹੇ ਕਾਰਜ਼ਾਂ ਦੀ ਸਮੀਖਿਆ ਕੀਤੀ ਅਤੇ ਕਰੀਬ 149 ਗੁਰੂ ਨਾਨਕ ਬਗੀਚੀਆਂ ਦੀ ਦੇਖ ਰੇਖ ਸਬੰਧੀ ਵੀ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਰੀ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇ ਜਿਨ੍ਹਾਂ ਵਿੱਚ ਰਾਜ ਮਾਰਗਾਂ ਦੇ ਕੰਢਿਆਂ, ਲਿੰਕ ਸੜ੍ਹਕਾਂ ਦੇ ਕਿਨਾਰੇ ਅਤੇ ਹੋਰ ਪਿੰਡਾਂ ਸ਼ਹਿਰਾਂ ਵਿੱਚ ਖਾਲੀ ਪਈਆਂ ਜ਼ਮੀਨਾਂ 'ਤੇ ਰੁੱਖ ਲਗਾਏ ਜਾਣ। ਹਰਿਆਵਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੌਦੇ ਸਾਡੇ ਲਈ ਮੁਫ਼ਤ ਆਕਸੀਜਨ ਦਾ ਇੱਕ ਵੱਡਾ ਸਰੋਤ ਹਨ ਅਤੇ ਇਹ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਵਿੱਚ ਇਹ ਸਹਾਈ ਹੁੰਦੇ ਹਨ। ਉਨ੍ਹਾ ਦੱਸਿਆ ਕਿ ਮਨੁੱਖੀ ਜਿੰਦਗੀ ਵਿੱਚ ਪੌਦਿਆਂ ਦੀ ਬਹੁਤ ਵੱਡੀ ਮਹੱਤਤਾ ਹੈ ਅਤੇ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਨ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਪੰਜਾਬੀਆਂ ਨੂੰ ਪੰਜਾਬ ਸਰਕਾਰ ਦੀ ਹਰਿਆਵਲ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਹੋਣੇ ਲਾਜ਼ਮੀ ਹਨ। ਬਾਅਦ ਵਿੱਚ, ਉਨ੍ਹਾਂ ਰਿਸਰਚ ਇੰਸਟੀਚਿਊਟ ਵਿੱਚ ਚੱਲ ਰਹੇ 55ਵੇਂ ਵਣ ਗਾਰਡ ਬੇਸਿਕ ਸਿਖਲਾਈ ਕੋਰਸ ਵਿੱਚ ਸ਼ਾਮਲ ਨਵੇਂ ਭਰਤੀ ਵਣ ਗਾਰਡਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਰੀਬ 45 ਨਵੇਂ ਭਰਤੀ ਹੋਏ ਗਾਰਡਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਨੌਕਰੀ ਦੀ ਵਧਾਈ ਦਿੰਦਿਆਂ ਅਜੋਕੇ ਵਾਤਾਵਰਣ ਦੀ ਰੱਖਿਆ ਦੇ ਲਈ ਆਪਣੀ ਡਿਊਟੀ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਵਿਕਾਸ ਗਰਗ, ਆਈ.ਏ.ਐਸ., ਸ੍ਰੀ ਆਰ.ਕੇ. ਮਿਸ਼ਰਾ, ਆਈ.ਐਫ.ਐਸ., ਸ੍ਰੀ ਪਰਮਿੰਦਰ ਸ਼ਰਮਾ, ਆਈ.ਐਫ.ਐਸ. ਸ੍ਰੀ ਸੌਰਵ ਗੁਪਤਾ, ਆਈ.ਐਫ.ਐਸ., ਸ੍ਰੀ ਐਨ.ਐਸ. ਰੰਧਾਵਾ, ਸੀ.ਸੀ.ਐਫ., ਸ੍ਰੀ ਸਤਨਾਮ ਸਿੰਘ ਆਈ.ਐਫ.ਐਸ. ਵੀ ਮੌਜੂਦ ਸਨ।