ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਬੁਰਜ ਹਰੀ ਸਿੰਘ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਰਾਏਕੋਟ, 05 ਫਰਵਰੀ (ਚਮਕੌਰ ਸਿੰਘ ਦਿਓਲ) : ਪਿੰਡ ਬੁਰਜ ਹਰੀ ਸਿੰਘ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਭਗਤ ਸ੍ਰੀ ਰਵਿਦਾਸ ਭਗਤ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਿੰਡ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ  ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਹੋਇਆ ਸੀ ਅਤੇ ਵੱਡੀ ਗਿਣਤੀ ’ਚ ਸੰਗਤਾਂ ਗੁਰਬਾਣੀ ਜਾਪ ਕਰ ਰਹੀਆਂ ਸਨ। ਗੱਤਕਾ ਟੀਮਾਂ ਜੰਗਜੂ ਕਲਾ ਦੇ ਜ਼ੌਹਰ ਦਿਖਾ ਰਹੀਆਂ ਸਨ। ਨਗਰ ਕੀਰਤਨ ਦਾ ਪਿੰਡ ਵਿੱਚ ਵੱਖ ਵੱਖ ਪੜਾਵਾਂ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਭਾਂਤ-ਭਾਂਤ ਦੇ ਲੰਗਰ ਆਦਿ ਵੀ ਲਗਾਏ ਗਏ ਸਨ। ਨਗਰ ਕੀਰਤਨ ਦੌਰਾਨ ਗਗਨਦੀਪ ਸਿੰਘ ਖਾਲਸਾ ਦੇ ਕੀਰਤਨੀ ਜੱਥੇ ਅਤੇ ਭਾਈ ਜਗਦੇਵ ਸਿੰਘ ਹਲਵਾਰਾ ਦੇ ਢਾਡੀ ਜੱਥੇ ਵਲੋਂ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਰਪੰਚ ਸ੍ਰੀਮਤੀ ਭੁਪਿੰਦਰ ਕੌਰ ਸਮੇਤ ਸਮੁੱਚੀ ਪੰਚਾਇਤ ਨਗਰ ਕੀਰਤਨ ਵਿੱਚ ਮੌਜ਼ੂਦ ਰਹੀ। ਸਰਪੰਚ ਭੁਪਿੰਦਰ ਕੌਰ ਨੇ ਇਸ ਪਾਵਨ ਦਿਹਾੜੇ ਦੀ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਧਾਨ ਦਰਬਾਰਾ ਸਿੰਘ, ਖਜਾਨਚੀ ਕਿਰਪਾਲ ਸਿੰਗ ਦੀ ਅਗਵਾਈ ’ਚ ਨਗਰ ਕੀਰਤਨ ’ਚ ਸਹਿਯੋਗ ਦੇਣ ਵਾਲੇ ਸੱਜਮਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਰਵੀ ਸਿੰਘ ਦੀ ਅਗਵਾਈ ਵਾਲੀ ਸਤਿਕਾਰ ਕਮੇਟੀ ਵਲੋਂ ਨਗਰ ਕੀਰਤਨ ਦੇ ਰਸਤੇ ਵਿੱਚ ਸੁੰਦਰ ਰੰਗੋਲੀਆਂ ਬਣਾ ਕੇ ਸੇਵਾ ਨਿਭਾਈ ਗਈ। ਦੇਰ ਸ਼ਾਮ ਇਹ ਨਗਰ ਕੀਰਤਨ ਵਾਪਸ ਗੁਰੁਦਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਕੌਰ ਸਿੰਘ, ਰਾਮ ਪਿਆਰਾ ਸਿੰਘ, ਡਾ. ਹਰਮੇਲ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ ਭੱਟੀ, ਸੂਬੇਦਾਰ ਭਾਗ ਸਿੰਘ, ਕੈਪਟਨ ਭਾਗ ਸਿੰਘ, ਅਜੈਬ ਸਿੰਘ ਸਰੋਏ, ਜਸਮੇਲ ਸਿੰਘ ਭੱਟੀ, ਗ੍ਰੰਥੀ ਗਿਆਨੀ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।