ਦਮਦਮਾ ਸਾਹਿਬ, 4 ਮਈ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਬਿਆਨ ਵਿੱਚ ਦਸਿਆ ਹੈ ਕਿ ਵਿਸ਼ਵ ਵਿਚ ਬੈਠੇ ਸਿੱਖਾਂ ਦੀਆਂ ਗੱਤੀਵਿਧੀਆਂ ਤੇ ਪਿਛਲੇ ਇਕ ਦਹਾਕੇ ਤੋਂ ਕੰਮ ਕਰ ਰਹੀ ਸਿੱਖ ਗਰੁੱਪ ਸੰਸਥਾ ਨੇ ਵੱਖ-ਵੱਖ ਖੇਤਰਾਂ ਵਿਚ ਪ੍ਰਤਿਸ਼ਟਤਾ ਪ੍ਰਾਪਤ ਕਰਨ ਵਾਲੇ ਸੌ ਸਿੱਖ ਸਖਸ਼ੀਅਤਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਨਿਹੰਗ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪੰਜਵੇਂ ਸਥਾਨ ਆਏ ਹਨ। ਬੇਦੀ ਨੇ ਦਸਿਆ ਕਿ ਪਿਛਲੇ ਸਾਲ ਵੀ ਸਿੱਖ ਗਰੁੱਪ ਸੰਸਥਾ ਵੱਲੋਂ ਜੋ ਸਰਵੇ ਦਿਤਾ ਗਿਆ ਸੀ ਉਸ ਵਿਚ ਵੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪੰਜਵੇਂ ਸਥਾਨ ਤੇ ਸਨ। ਉਨ੍ਹਾਂ ਕਿਹਾ ਵੇਰਵਿਆਂ ਅਨੁਸਾਰ ਸਿੱਖ ਗਰੁੱਪ ਸੰਸਥਾ ਵੱਲੋਂ ਸਾਲਾਨਾ ਸਿੱਖ 100 ਦਾ 11ਵਾਂ ਐਡੀਸ਼ਨ ਜਾਰੀ ਕੀਤਾ ਗਿਆ। ਹਰ ਸਾਲ, ਦੁਨੀਆਂ ਦੇ 27 ਮਿਲੀਅਨ ਸਿੱਖਾਂ ਵਿੱਚੋਂ 100 ਨੂੰ ਕਾਰੋਬਾਰ, ਸਿੱਖਿਆ, ਰਾਜਨੀਤੀ, ਮੀਡੀਆ, ਮਨੋਰੰਜਨ, ਖੇਡਾਂ ਅਤੇ ਚੈਰਿਟੀ ਸਮੇਤ ਜੀਵਨ ਦੇ ਸਾਰੇ ਖੇਤਰਾਂ ਤੋਂ 100 ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਮਕਾਲੀ ਸ਼ਖਸੀਅਤਾਂ ਵਜੋਂ ਚੌਣ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਸੂਚੀ ਦਾ ਉਦੇਸ਼ ਅਸਲ-ਜੀਵਨ ਦੀਆਂ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਅਤੇ ਵਿਰਾਸਤ ਦੀ ਮਜ਼ਬੂਤੀ ਦੇ ਮੱਦੇਨਜ਼ਰ ਉੱਚੇ ਟੀਚੇ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਪਿਛਲੇ ਸਾਲਾਂ ਵਾਂਗ, 2022 ਦੀ ਸੂਚੀ ਵਿੱਚ ਦੁਨੀਆਂ ਭਰ ਦੀਆਂ ਕਈ ਉੱਚ-ਪ੍ਰੋਫਾਈਲ ਅੰਤਰਰਾਸ਼ਟਰੀ ਹਸਤੀਆਂ, ਜਨਤਕ ਨੇਤਾ, ਭਾਈਚਾਰੇ, ਖੇਡ ਸਿਤਾਰੇ, ਮਸ਼ਹੂਰ ਚੇਹਰੇ ਫਿਲਮੀ ਸਿਤਾਰੇ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸ਼ਾਮਲ ਹਨ। ਸੂਚੀ ਵਿਚਲੇ ਸਾਰੇ ਪ੍ਰੋਫਾਈਲਾਂ ਨੂੰ ਸਿਰਫ਼ ਮੈਰਿਟ `ਤੇ ਚੁਣਿਆ ਗਿਆ ਹੈ। ਏਸੇ ਦੌਰਾਨ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਸਮੇਤ ਉਨ੍ਹਾਂ ਦੇ ਸ਼ੁਭਚਿੰਤਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੂਚੀ ਵਿਚ ਸ਼ਾਮਲ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਮੇਤ ਸਭ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਹੈ।