ਲੁਧਿਆਣਾ, 26 ਨਵੰਬਰ : ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਸਃ ਹਰਜੋਤ ਸਿੰਘ ਬੈਂਸ ਨੂੰ ਬੀਤੀ ਸ਼ਾਮ ਆਨੰਦਪੁਰ ਸਾਹਿਬ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਵਫ਼ਦ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਅਗਵਾਈ ਵਿੱਚ ਮਿਲਿਆ। ਵਫ਼ਦ ਵਿੱਚ ਸ਼ਾਮਿਲ ਪ੍ਰਤੀਨਿਧਾਂ ਸਃ ਗੁਰਨਾਮ ਸਿੰਘ ਧਾਲੀਵਾਲ,ਚੇਅਰਮੈਨ ਪ੍ਰੋ. ਮੇਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ, ਜਗਜਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ ਲਲਤੋਂ(ਲੁਧਿਆਣਾ) ਤੇ ਦਿਲਬਾਗ ਸਿੰਘ ਭੱਟੀ ਖਤਰਾਏ ਕਲਾਂ(ਅੰਮ੍ਰਿਤਸਰ) ਨੇ ਮੰਗ ਕੀਤੀ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਮਕਰਨ ਉੱਘੇ ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ ਦੇ ਨਾਮ ਤੇ ਰੱਖਿਆ ਜਾਵੇ। ਇਸ ਸਬੰਧੀ ਸਕੂਲ, ਪਿੰਡ ਪੰਚਾਇਤ, ਜ਼ਿਲ੍ਹਾ ਸਿੰਖਿਆ ਅਫ਼ਸਰ, ਡਿਪਟੀ ਕਮਿਸ਼ਨਰ ਸਾਹਿਬ ਦੇ ਸਿਫ਼ਾਰਸੀ ਪੱਤਰ ਅਤੇ ਹਲਕਾ ਅਜਨਾਲਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਦੇ ਸਿਫ਼ਾਰਸ਼ੀ ਪੱਤਰ ਵੀ ਸਿੱਖਿਆ ਤੇ ਭਾਸ਼ਾ ਮੰਤਰੀ ਸਃ ਹਰਜੋਤ ਸਿੰਘ ਬੈਂਸ ਨੂੰ ਸੌਂਪਿਆ। ਸਃ ਬੈਂਸ ਨੇ ਵਿਸ਼ਵਾਸ ਦਿਵਾਇਆ ਕਿ ਦੇਸ਼ ਭਗਤ ਸੂਰਮਿਆਂ ਦੇ ਨਾਮ ਤੇ ਵਿਦਿਅਕ ਅਦਾਰਿਆਂ ਦੇ ਨਾਮਕਰਣ ਕਰਨਾ ਸਾਡੀ ਸਰਕਾਰ ਦੀ ਨੀਤੀ ਹੈ। ਇਸੇ ਨੀਤੀ ਅਨੁਸਾਰ ਆਉਂਦੇ ਦਿਨਾ ਵਿੱਚ ਇਹ ਕਾਰਜ ਨੇਪਰੇ ਚਾੜ੍ਹਿਆ ਜਾਵੇਗਾ।