ਮੋਗਾ, 08 ਮਈ : ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸਿ਼ਆਂ ਅਤੇ ਨਸ਼ਾ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ ਇਲਨਚੇਲੀਅਨ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਦੀ ਲਗਾਤਾਰਤਾ ਵਿੱਚ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸ੍ਰੀ ਅਜੇ ਰਾਜ ਸਿੰਘ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਗਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਆਈ) ਮੋਗਾ ਦੀ ਹਦਾਇਤ ਅਨੁਸਾਰ ਐਸ.ਆਈ. ਦਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਾਘਾਪੁਰਾਣਾ ਦੀ ਨਿਗਰਾਨੀ ਹੇਠ ਤਰਸੇਮ ਸਿੰਘ ਸੀ.ਆਈ.ਏ. ਸਟਾਫ਼ ਬਾਘਾਪੁਰਾਣਾ ਪੁਲਿਸ ਪਾਰਟੀ, ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਲਈ ਮੇਨ ਜੀ.ਟੀ. ਰੋਡ ਮੋਗਾ ਕੋਟਕਪੂਰਾ ਨੇੜੇ ਗਊਸ਼ਾਲਾ ਸਮਾਲਸਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਬਾ ਲਾਲ ਗੁੱਜਰ ਪੁੱਤਰ ਪ੍ਰਿਥਵੀ ਰਾਜ ਗੁੱਜਰ ਵਾਸੀ ਗੁੱਜਰੋਂ ਕੀ ਬਾਗਲ ਜਿ਼ਲ੍ਹਾ ਚਿਤੌੜਗੜ੍ਹ ਰਾਜਸਥਾਨ, ਬੇਰੂ ਲਾਲ ਗੁੱਜਰ ਪੁੱਤਰ ਹਰਲਾਲ ਗੁੱਜਰ ਵਾਸੀ ਬਾਟੋਲੀ ਗੁਜਰਾਨ ਜਿ਼ਲ੍ਹਾ ਚਿਤੌੜਗੜ ਰਾਜਸਥਾਨ, ਕਿਸਮਤ ਲਾਲ ਗੁੱਜਰ ਪੁੱਤਰ ਉਦੇ ਲਾਲ ਗੁੱਜਰ ਵਾਸੀ ਨੇਗੜੀਆ ਜਿ਼ਲ੍ਹਾ ਚਿਤੌੜਗੜ ਰਾਜਸਥਾਨ ਅਫ਼ੀਮ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਆਪਣੀ ਕਾਰ ਸਫਿ਼ਵਟ ਨੰਬਰ ਆਰ.ਜੇ. 27 ਸੀ.ਐਲ. 1484 ਰੰਗ ਚਿੱਟਾ ਉੱਪਰ ਸਵਾਰ ਹੋ ਕੇ ਅਫ਼ੀਮ ਸਪਲਾਈ ਕਰਨ ਲਈ ਬਠਿੰਡਾ ਤੋਂ ਬਰਗਾੜੀ-ਬੰਬੀਹਾ ਪਿੰਡਾਂ ਵਿੱਚ ਦੀ ਹੁੰਦੇ ਹੋਏ ਸਮਾਲਸਰ ਵੱਲ ਨੂੰ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਸ੍ਰੀ ਜਸਜੋਤ ਸਿੰਘ ਦੀ ਹਾਜ਼ਰੀ ਵਿੱਚ ਸਮਾਲਸਰ ਮੇਨ ਰੋਡ ਤੋਂ ਇਸੇ ਸਫਿ਼ਵਟ ਕਾਰ ਵਿੱਚੋਂ 5 ਕਿੱਲੋ ਅਫ਼ੀਮ ਬਰਾਮਦ ਕੀਤੀ। ਇਸ ਬਰਾਮਦਗੀ ਸਬੰਧੀ ਦੋਸ਼ੀਆਂ ਖਿਲਾਫ਼ ਮੁਕੱਦਕਮਾ ਰਜਿਸਟਰ ਕਰ ਲਿਆ ਗਿਆ ਹੈ।ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਉੱਪਰ ਸਪਲਾਈ ਕਰਦੇ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਨਸ਼ਾ ਤਸਕਰ ਨਾਲ ਕੋਈ ਵੀ ਲਿਹਾਜ ਨਹੀਂ ਕੀਤਾ ਜਾ ਰਿਹਾ ਅਤੇ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।