- ਸ਼ਹਿਰ ਨੂੰ ਸਾਫ ਸੁੱਥਰਾ ਅਤੇ ਸੁੰਦਰ ਬਣਾਉਣ ਵਿੱਚ ਲੋਕ ਕਰਨ ਸਹਿਯੋਗ-ਭੁੱਲਰ
ਫਿਰੋਜ਼ਪੁਰ, 3 ਮਈ : ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਰਣਬੀਰ ਸਿੰਘ ਭੁੱਲਰ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਵਿਖੇ 15 ਨਵੇਂ ਗਾਰਬੇਜ ਕੁਲੈਕਸ਼ਨ ਟਿੱਪਰਾਂ (ਗੱਡੀਆਂ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਸਵੱਛ ਭਾਰਤ ਮਿਸ਼ਨ ਅਤੇ ਸੋਲਿਡ ਵੇਸਟ ਮੈਨੇਜਮੈਂਟ ਤਹਿਤ ਫਿਰੋਜ਼ਪੁਰ ਸ਼ਹਿਰ ਦੇ ਕਮਰਸ਼ੀਅਲ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਡੋਰ ਟੂ ਡੋਰ ਕੂੜੇ ਕਰਕਟ ਦੀ ਕੁਲੈਕਸ਼ਨ ਕਰਨਗੇ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਸਾਫ-ਸੁਥਰਾ ਅਤੇ ਸਵੱਛ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਤਹਿਤ ਹੀ ਅੱਜ ਸ਼ਹਿਰ ਅੰਦਰੋਂ ਸੁੱਚਜੇ ਅਤੇ ਮਾਡਰਨ ਢੰਗ ਨਾਲ ਕੱਚਰੇ ਦੀ ਕੁਲੈਕਸ਼ਨ ਕਰਨ ਲਈ 15 ਟਿੱਪਰ ਗੱਡੀਆਂ ਸ਼ਹਿਰ ਲਈ ਸਪੁੱਰਦ ਕੀਤੀਆਂ ਗਈਆਂ ਹਨ ਜੋ ਕਿ ਗਿੱਲੇ ਅਤੇ ਸੁੱਕੇ ਕੂੜੇ ਦੀ ਵੱਖ-ਵੱਖ ਕੁਲੈਕਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਸਿਹਤਮੰਦ ਅਤੇ ਨਰੋਆ ਵਾਤਾਵਰਨ ਮੁਹੱਈਆ ਕਰਵਾਉਣ ਅਤੇ ਸਹਿਰ ਨੂੰ ਹੋਰ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਜੇਕਰ ਸਹਿਰ ਨੂੰ ਕੱਚਰਾ ਰਹਿਤ ਕਰਨ ਲਈ ਹੋਰ ਗੱਡੀਆਂ ਦੀ ਜ਼ਰੂਰਤ ਪਵੇਗੀ ਤਾਂ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਇਸ ਦੌਰਾਨ ਕਾਰਜ ਸਾਧਕ ਅਫਸਰ ਸ੍ਰੀ ਸੰਜੇ ਬਾਂਸਲ ਨੇ ਦੱਸਿਆ ਕਿ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਨੁਸਾਰ ਸ਼ਹਿਰ ਅੰਦਰੋਂ 100 ਪ੍ਰਤੀਸ਼ਤ ਕਚਰੇ ਦੀ ਕੁਲੈਕਸ਼ਨ ਕਰਨਾ ਜ਼ਰੂਰੀ ਹੈ। ਮੌਜੂਦਾ ਸਮੇਂ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚੋਂ ਡੋਰ ਟੂ ਡੋਰ ਕੁਲੈਕਸ਼ਨ ਪ੍ਰਾਈਵੇਟ ਵੇਸਟ ਕੁਲੈਕਟਰ ਦੁਆਰਾ ਮੈਨੁਅਲ ਰਿਕਸ਼ਿਆ ਰਾਹੀਂ ਕੀਤੀ ਜਾਂਦੀ ਹੈ, ਜਿਸ ਨਾਲ ਸਮਾਂ ਅਤੇ ਮਿਹਨਤ ਜ਼ਿਆਦਾ ਖਰਚ ਹੁੰਦੀ ਹੈ। ਇਨ੍ਹਾਂ ਮੋਟਰ ਵਹੀਕਲ ਟਿੱਪਰਾਂ ਰਾਹੀਂ ਜਿੱਥੇ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਯੂਨਿਟਾਂ ਦੀ ਗਾਰਬੇਜ਼ ਕੁਲੈਕਸ਼ਨ ਕੀਤੀ ਜਾਵੇਗੀ ਉੱਥੇ ਨਿਵੇਕਲੇ ਅਤੇ ਮਾਡਰਨ ਤਰੀਕੇ ਨਾਲ ਸੈਗਰੀਗੇਟਡ ਕਚਰੇ ਦੀ ਕੁਲੈਕਸ਼ਨ ਵੀ ਸੰਭਵ ਹੋਵੇਗੀ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸ੍ਰੀ ਰੋਹਿਤ ਗਰੋਵਰ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ, ਮਿਊਂਸੀਪਲ ਇੰਜੀਨੀਅਰ ਸ੍ਰੀ ਚਰਨਪਾਲ ਸਿੰਘ, ਸੁਪਰਡੈਂਟ ਸ੍ਰੀ ਵੀਰਵਿਕਰਮ ਧੂੜੀਆ,ਸਹਾਇਕ ਮਿਊਂਸੀਪਲ ਸ਼੍ਰੀ ਰਾਜੇਸ਼ ਸ਼ਰਮਾ, ਜੂਨੀਅਰ ਇੰਜੀਨੀਅਰ ਸ੍ਰੀ ਲਵਪ੍ਰੀਤ ਸਿੰਘ, ਸ੍ਰੀ ਮਨਮੀਤ ਮਿੱਠੂ, ਸ਼੍ਰੀ ਹਰਦੇਵ ਸਿੰਘ ਵਿਰਕ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਗੁਰਜੀਤ ਸਿੰਘ ਚੀਮਾ, ਸ਼੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਹੀਮਾਂਸ਼ੂ ਅਤੇ ਸ੍ਰੀ ਰਾਜ ਬਹਾਦੁਰ ਸਿੰਘ ਵੀ ਮੌਜੂਦ ਸਨ।