ਲੁਧਿਆਣਾ, 15 ਫਰਵਰੀ : ਆਗਾਮੀ ਬਰਸਾਤੀ ਮੌਸਮ ਦੌਰਾਨ ਇਲਾਕਾ ਨਿਵਾਸੀ ਨੂੰ ਪਾਣੀ ਦੀ ਸੁਚਾਰੂ ਨਿਕਾਸੀ ਯਕੀਨੀ ਬਣਾਉਣ ਦੇ ਮੰਤਵ ਨਾਲ, ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਹਲਕਾ ਉੱਤਰੀ ਅਧੀਨ ਨਿਊ ਦੀਪ ਨਗਰ ਨੇੜੇ ਸ਼ਮਸ਼ਾਨ ਘਾਟ ਵਿਖੇ ਬਰਸਾਤੀ ਨਾਲੇ (ਸਟੋਰਮ ਡਰੇਨ) ਨੂੰ ਪੱਕਾ ਕਰਨ ਦੇ ਕਾਰਜਾਂ ਦਾ ਉਦਘਾਟਨ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਕੀਤਾ ਗਿਆ। ਵਿਧਾਇਕ ਬੱਗਾ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ, ਬਰਸਾਤੀ ਨਾਲਾ ਕੱਚਾ ਹੋਣ ਕਾਰਨ ਉਸ ਵਿੱਚ ਮਿੱਟੀ ਅਤੇ ਹੋਰ ਕੱਚਰਾ ਭਰ ਜਾਂਦਾ ਸੀ ਜਿਸ ਨਾਲ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਸੀ। ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਬਦਬੂ ਫੈਲਦੀ ਹੈ, ਲੋਕਾਂ ਦਾ ਜੀਵਨ ਦੁਬਰ ਹੋ ਜਾਂਦਾ ਹੈ ਅਤੇ ਕਈ ਬਿਮਾਰੀਆਂ ਫੈਲਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਪਣੇ ਕੰਮ-ਕਾਜ 'ਤੇ ਜਾਉਣ ਲਈ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲੇ ਨੂੰ ਪੱਕਾ ਕਰਵਾਉਣ ਲਈ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਸੀ, ਜਿਸਨੂੰ ਬੂਰ ਪਿਆ ਹੈ ਅਤੇ ਸਪੱਸ਼ਟ ਕੀਤਾ ਕਿ ਬਰਸਾਤੀ ਨਾਲੇ ਦੇ ਪੱਕਾ ਹੋਣ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ ਸੁਖਾਵੀਂ ਹੋਵੇਗੀ ਅਤੇ ਲੋਕ ਰਾਹਤ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।