- 81.50 ਲੱਖ ਰੁਪਏ ਦੀ ਲਾਗਤ ਨਾਲ ਗ੍ਰੀਨ ਬੈਲਟ ਦਾ ਕੀਤਾ ਜਾਵੇਗਾ ਨਵੀਨੀਕਰਨ : ਬੱਗਾ
- ਵਿਧਾਇਕ ਬੱਗਾ ਨੇ ਅਪਣੇ ਕੌਸਲਰ ਕਾਰਜਕਾਲ ਦੌਰਾਨ ਸਾਲ 2002 ਵਿੱਚ ਉਪਰੋਕਤ ਗ੍ਰੀਨ ਬੈਲਟ ਦਾ ਕਰਵਾਇਆ ਸੀ ਨਿਰਮਾਣ
ਲੁਧਿਆਣਾ 24 ਅਪ੍ਰੈਲ : ਵਿਧਾਇਕ ਮਦਨ ਲਾਲ ਬੱਗਾ ਨੇ ਅੱਜ ਸੈਂਕੜੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਉਤਰੀ ਸਥਿਤ ਸਲੇਮ ਟਾਬਰੀ ਤੋਂ ਜਲੰਧਰ ਬਾਈਪਾਸ ਚੌਕ ਤੱਕ ਪਾਰਕਾਂ (ਗਰੀਨ ਬੈਲਟ) ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਕੰਮ ਤੇ ਕਰੀਬ 81.50 ਲੱਖ ਰੁਪਏ ਦੀ ਲਾਗਤ ਆਵੇਗੀ। ਜ਼ਿਕਰਯੋਗ ਹੈ ਕਿ ਉਕਤ ਪਾਰਕਾਂ ਦੇ ਰੂਪ ’ਚ ਗ੍ਰੀਨ ਬੈਲਟ ਦਾ ਨਿਰਮਾਣ ਵਿਧਾਇਕ ਬੱਗਾ ਵੱਲੋਂ ਸਾਲ 2002 ’ਚ ਅਪਣੇ ਕੌਂਸਲਰ ਕਾਰਜਕਾਲ ਦੌਰਾਨ ਕੀਤਾ ਗਿਆ ਸੀ। ਉਨ੍ਹਾਂ ਦੇ ਕਾਰਜਕਾਲ ਤੋਂ ਬਾਅਦ ਲੰਮੇ ਸਮੇਂ ਤੋਂ ਕੌਂਸਲਰ ਅਤੇ ਸਾਬਕਾ ਵਿਧਾਇਕ ਦੀ ਅਣਦੇਖੀ ਕਾਰਨ ਗ੍ਰੀਨ ਬੈਲਟ ਦੀ ਹਾਲਤ ਖਸਤਾ ਹੋ ਗਈ ਸੀ। ਹੁਣ ਵਿਧਾਇਕ ਬਣਨ ਤੋਂ ਬਾਅਦ ਬੱਗਾ ਨੇ ਅਪਣੇ ਡਰੀਮ ਪ੍ਰੋਜੈਕਟ ਗਰੀਨ ਬੈਲਟ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ । ਉਨ੍ਹਾਂ ਅਪਣੇ ਵਿਧਾਇਕ ਕਾਰਜਕਾਲ ਦੇ ਇੱਕ ਸਾਲ ਵਿੱਚ ਵਿਧਾਨ ਸਭਾ ਉਤਰੀ’ਚ ਹੋਏ ਵਿਕਾਸ ਕਾਰਜਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਲਾਕੇ ਵਿੱਚ ਬਦਹਾਲ ਸੜਕਾਂ ਦੀ ਉਸਾਰੀ, ਸੀਵਰੇਜ-ਵਾਟਰ ਸਪਲਾਈ ਸਿਸਟਮ ਵਿੱਚ ਸੁਧਾਰ ਸਮੇਤ ਬਿਜਲੀ ਸਪਲਾਈ ਸਿਸਟਮ ਵਿੱਚ ਸੁਧਾਰ ਕੀਤਾ ਗਿਆ ਹੈ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦੋਵੇਂ ਪਾਸੇ ਸੀਵਰੇਜ ਦੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦਰਿਆ ਦੇ ਕੰਢਿਆਂ ’ਤੇ ਸੜਕ ਚੌੜੀ ਕਰਕੇ ਵਾਤਾਵਰਣ ਦੀ ਸੁਰੱਖਿਆ ਲਈ ਗ੍ਰੀਨ ਬੈਲਟ ਦਾ ਨਿਰਮਾਣ ਵੀ ਚੱਲ ਰਿਹਾ ਹੈ। ਭਵਿੱਖ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਬੱਗਾ ਨੇ ਕਿਹਾ ਕਿ ਵੱਖ-ਵੱਖ ਵਾਰਡਾਂ ਵਿੱਚ 22 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮਨਜ਼ੂਰ ਹੋਏ ਵਿਕਾਸ ਕਾਰਜ ਜਲਦੀ ਹੀ ਸ਼ੁਰੂ ਹੋ ਜਾਣਗੇ। ਬੁੱਢੇ ਦਰਿਆ ਦੇ ਪੁਲ ਦੇ ਨਿਰਮਾਣ ਕਾਰਜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਾਤਾਵਰਨ ਪ੍ਰੇਮੀ ਵਜੋਂ ਅਪਣੇ ਕਾਰਜਕਾਲ ਦੌਰਾਨ ਸ਼ੁਰੂ ਕਰਵਾਏ ਵਿਕਾਸ ਦੇ ਸੁਨਹਿਰੀ ਦੌਰ ਲਈ ਵਿਧਾਇਕ ਮਦਨ ਲਾਲ ਬੱਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਗਾ ਨੇ ਪਿਛਲੇ 30 ਸਾਲਾਂ ਤੋਂ ਵਿਕਾਸ ਤੋਂ ਵਾਂਝੇ ਵਿਧਾਨ ਸਭਾ ਉਤਰੀ ਨੂੰ ਵਿਕਾਸ ਦੀਆਂ ਲੀਹਾਂ ਤੇ ਚੜ੍ਹਾ ਕੇ ਜਨਤਾ ਪ੍ਰਤੀ ਅਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਈ ਹੈ। ਇਸ ਮੌਕੇ ਸੈਂਕੜੇ ਇਲਾਕਾ ਨਿਵਾਸੀ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।