- ਸਟੋਰ ਦੇ ਨਮਕ ਦਾ ਸੈਂਪਲ ਹੋਇਆ ਫੇਲ
- ਨਮਕ ਬਣਾਉਣ ਵਾਲੀ ਗੁਜਰਾਤ ਦੀ ਕੰਪਨੀ ਨੂੰ ਵੀ 50 ਹਜ਼ਾਰ ਰੁਪਏ ਲਗਾਇਆ ਜੁਰਮਾਨਾ
- ਵਧੀਕ ਡਿਪਟੀ ਕਮਿਸ਼ਨਰ ਚਾਰੂ ਮਿਤਾ ਵੱਲੋਂ ਫੂਡ ਸੇਫ਼ਟੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
ਮੋਗਾ, 28 ਫਰਵਰੀ : ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸ਼ਨ ਦੇ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਫੂਡ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਮਿਲ ਕੇ ਲਗਾਤਾਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਕਰ ਰਹੇ ਹਨ ਤਾਂ ਕਿ ਲੋਕਾਂ ਦੀ ਸਿਹਤ ਨਾਲ ਕੋਈ ਵੀ ਵਿਅਕਤੀ, ਕੰਪਨੀ, ਦੁਕਾਨਦਾਰ ਆਦਿ ਖਿਲਵਾੜ ਨਾ ਕਰ ਸਕੇ। ਹਾਲ ਹੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਐਡਵਾਈਜ਼ਰ ਅਫ਼ਸਰ, ਫੂਡ ਸੇਫ਼ਟੀ ਸਟੈਂਡਰਡ ਐਕਟ, ਦੀ ਅਦਾਲਤ ਵੱਲੋਂ ਮੈਸ.ਆਰ.ਸੀ.ਐਮ. ਸਟੋਰ ਸਮਾਲਸਰ (ਤਹਿਸੀਲ ਬਾਘਾਪੁਰਾਣਾ) ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਦੁਕਾਨ ਦੇ ਨਮਕ ਦਾ ਸੈਂਪਲ ਫੇਲ ਹੋ ਗਿਆ ਸੀ। ਇਸ ਨਮਕ ਦੀ ਗੁਣਵੱਤਾ ਤੋਂ ਪਤਾ ਲੱਗਾ ਕਿ ਇਹ ਫੂਡ ਸੇਫ਼ਟੀ ਸਟੈਂਡਰਡ ਐਕਟ-2006 ਅਤੇ ਇਸ ਤਹਿਤ ਬਣਾਏ ਨਿਯਮਾਂ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ। ਇਸੇ ਨਾਲ ਹੀ ਇਸ ਨਮਕ ਦੀ ਨਿਰਮਾਤਾ, ਗੁਜਰਾਤ ਦੀ ਕੰਪਨੀ ਨੂੰ ਵੀ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ੍ਰੀਮਤੀ ਚਾਰੂ ਮਿਤਾ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਫੂਡ ਸੇਫ਼ਟੀ ਐਕਟ 2006 ਦੀ ਧਾਰਾ 51 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਲੋਕਾਂ ਦੀ ਸਿਹਤ ਨੂੰ ਅੱਖੋਂ ਪਰੋਖੇ ਕਰਕੇ ਘਟੀਆ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਇਸ ਪ੍ਰਤੀ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਅੱਜ ਉਨ੍ਹਾਂ ਵੱਲੋਂ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵੀ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਆਪਣੀਆਂ ਚੈਕਿੰਗਾਂ ਤੇਜ਼ ਕਰਨ ਦੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਮਠਿਆਈ ਵਿਕਰੇਤਾਵਾਂ, ਦੁਕਾਨਾਂਦਾਰਾਂ,ਰੇਹੜੀ ਫੜ੍ਹੀ ਵਾਲਿਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਫਸਣ ਤੋਂ ਬਚਣ ਲਈ ਫੂਡ ਸੇਫ਼ਟੀ ਐਕਟ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿਹਤ ਅਫ਼ਸਰ-ਕਮ-ਡੈਜੀਗਨੇਟਰਡ ਅਫ਼ਸਰ ਫੂਡ ਸੇਫਟੀ ਸ੍ਰੀਮਤੀ ਸਤਿੰਦਰ ਕੌਰ, ਫੂਡ ਸੇਫਟੀ ਅਫ਼ਸਰ ਯੋਗੇਸ਼ ਗੋਇਲ, ਫੂਡ ਸੇਫ਼ਟੀ ਅਫ਼ਸਰ ਪੁਨੀਤ ਸ਼ਰਮਾ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਸਮੂਹ ਹੋਟਲਾਂ, ਰੈਸਟੋਰੈਂਟਾਂ, ਮਠਿਆਈ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਫੂਡ ਸੇਫਟੀ ਲਾਇਸੰਸ ਜਿੰਨੀ ਜਲਦੀ ਹੋ ਸਕੇ ਅਪਲਾਈ ਕਰਨ, ਜੋ ਕਿ ਆਨਾਈਨ http://www.foscos.fssai.gov.in ਉੱਪਰੋਂ ਅਪਲਾਈ ਹੋ ਸਕਦਾ ਹੈ ਅਤੇ ਇਸਨੂੰ ਸਮੇਂ ਸਿਰ ਰੀਨਿਊ ਵੀ ਕਰਵਾਇਆ ਜਾਵੇ। ਫੂਡ ਸੇਫਟੀ ਲਾਇਸੰਸ ਨੂੰ ਆਪਣੇ ਕਾਊਂਟਰ ਉੱਪਰ ਲਗਾ ਕੇ ਰੱਖਿਆ ਜਾਵੇ। ਉਨ੍ਹਾਂ ਫੂਡ ਸੇਫਟੀ ਲਾਇਸੰਸ ਧਾਰਕ ਦੁਕਾਨਦਾਰਾਂ ਨੂੰ ਦੱਸਿਆ ਕਿ ਉਹ ਆਪਣੀ ਸਲਾਨਾ ਫੂਡ ਸੇਫਟੀ ਰਿਟਰਨ ਨੂੰ ਸਮੇਂ ਸਿਰ ਭਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਪੈਕਿੰਗ ਕਰਨ, ਮਾਲ ਤਿਆਰ ਕਰਨ ਵਾਲੀਆਂ ਫਰਮਾਂ ਨੂੰ ਵੀ ਆਦੇਸ਼ ਜਾਰੀ ਕੀਤੇ ਕਿ ਉਹ ਆਪਣੇ ਉਤਪਾਦਾਂ ਦੀ ਟੈਸਟ ਰਿਪੋਰਟ ਕਰਵਾ ਕੇ ਫੂਡ ਸੇਫਟੀ ਦੀ ਵੈਬਸਾਈਟ ਉੱਪਰ ਅਪਲੋਡ ਕਰਨੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਨੂੰ ਢੱਕਣ ਅਤੇ ਰੈਪ ਕਰਨ ਵਿੱਚ ਅਖ਼ਬਾਰ ਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ।