ਸੰਗਰੂਰ, 01 ਮਈ : ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਵਿੱਚੋਂ ਸੱਤਵਾਂ ਅਤੇ ਜ਼ਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਡੇਜ਼ੀ ਅਗਰਵਾਲ ਨੂੰ ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਆਪਣੀ ਰਿਹਾਇਸ਼ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਡੇਜ਼ੀ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਅਤੇ ਡੇਜ਼ੀ ਨੂੰ ਭਵਿੱਖ ਵਿੱਚ ਹੋਰ ਵੀ ਬੁਲੰਦੀਆਂ ਛੂਹਣ ਦਾ ਆਸ਼ੀਰਵਾਦ ਦਿੱਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਦੀਆਂ ਹੋਣਹਾਰ ਬੇਟੀਆਂ ਆਪਣੀ ਮਿਹਨਤ ਤੇ ਲਗਨ ਨਾਲ ਹਰ ਖੇਤਰ ਵਿੱਚ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਡੇਜ਼ੀ ਅਗਰਵਾਲ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 600 ਵਿੱਚੋਂ 593 ਅੰਕ ਲੈ ਕੇ ਇਹ ਮਾਣ ਹਾਸਲ ਕੀਤਾ ਗਿਆ ਹੈ। ਵਿਧਾਇਕ ਨੇ ਆਪਣੀ ਤਨਖਾਹ ਵਿੱਚੋਂ ਵਿੱਤੀ ਸਹਾਇਤਾ ਵਜੋਂ ਡੇਜ਼ੀ ਨੂੰ ਸਨਮਾਨਿਤ ਕੀਤਾ ਅਤੇ ਉਸਦੇ ਪਿਤਾ ਭੂਸ਼ਣ ਕੁਮਾਰ ਅਤੇ ਮਾਤਾ ਨੀਨਾ ਰਾਣੀ ਦੀ ਵੀ ਸ਼ਲਾਘਾ ਕੀਤੀ ਕਿ ਮਾਪਿਆਂ ਦੀ ਨਿਰੰਤਰ ਪ੍ਰੇਰਨਾ ਅਤੇ ਹੱਲਾਸ਼ੇਰੀ ਸਦਕਾ ਹੀ ਬੱਚੇ ਸਫਲਤਾ ਦੇ ਸਮਰੱਥ ਬਣਦੇ ਹਨ। ਉਨ੍ਹਾਂ ਡੇਜ਼ੀ ਅਗਰਵਾਲ ਨੂੰ ਕਿਹਾ ਕਿ ਉਹ ਮਿਹਨਤ ਦਾ ਰਾਹ ਕਦੇ ਵੀ ਨਾ ਛੱਡੇ ਕਿਉਂਕਿ ਇਹ ਰਾਹ ਹੀ ਭਵਿੱਖ ਵਿੱਚ ਉਸ ਲਈ ਮਹੱਤਵਪੂਰਨ ਅਤੇ ਵੱਡੀਆਂ ਪ੍ਰਾਪਤੀਆਂ ਦਾ ਸਾਰਥਕ ਕਾਰਨ ਸਾਬਿਤ ਹੋਵੇਗਾ।