- ਕੌਂਸਲਰ ਢਿੱਲੋਂ ਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਦੱਸੀਆਂ ਸਮੱਸਿਆਵਾਂ ਫੌਰੀ ਤੌਰ ਤੇ ਹੱਲ ਕਰਨ ਦੀਆਂ ਹਦਾਇਤਾਂ
ਮੋਹਾਲੀ, 3 ਮਈ : ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਫੇਜ਼ 9 ਦਾ ਦੌਰਾ ਕੀਤਾ ਅਤੇ ਇੱਥੋਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵਾਰਡ ਦੇ ਕੌਂਸਲਰ ਨਿਰਮਲ ਕੌਰ ਢਿੱਲੋਂ, ਕੌਂਸਲਰ ਕਮਲਪ੍ਰੀਤ ਸਿੰਘ ਬਨੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਮੇਅਰ ਅਮਰਜੀਤ ਸਿੰਘ ਸਿੱਧੂ ਨੇ ਫੇਜ਼ 9 ਦੀ ਕੌਂਸਲਰ ਨਿਰਮਲ ਕੌਰ ਢਿੱਲੋਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਇਨ੍ਹਾਂ ਸਮੱਸਿਆਵਾਂ ਨੂੰ ਫੌਰੀ ਤੌਰ ਹੱਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਕੌਂਸਲਰ ਨਿਰਮਲ ਕੌਰ ਢਿੱਲੋਂ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਮੇਅਰ ਜੀਤੀ ਸਿੱਧੂ ਧਿਆਨ ਵਿੱਚ ਲਿਆਂਦਾ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਫੇਜ਼ 9 ਦੇ ਇਸ ਖੇਤਰ ਵਿਚ ਚੰਡੀਗੜ੍ਹ ਤੋਂ ਆਉਂਦੇ ਬਰਸਾਤੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਇਹ ਪਾਣੀ ਸੜਕਾਂ ਉੱਤੇ ਅਤੇ ਪਾਰਕਾਂ ਵਿੱਚ ਖੜ੍ਹਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸੜਕਾਂ ਦੀ ਮਾੜੀ ਹਾਲਤ, ਸੀਵਰੇਜ ਦੀ ਸਮੱਸਿਆ, ਦਰਖਤਾਂ ਦੀ ਛੰਗਾਈ ਦੀ ਸਮੱਸਿਆ ਸਮੇਤ ਹੋਰਨਾਂ ਸਮੱਸਿਆਵਾਂ ਬਾਰੇ ਮੇਅਰ ਨੂੰ ਜਾਣਕਾਰੀ ਦਿੱਤੀ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਹਦਾਇਤਾਂ ਕੀਤੀਆਂ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਦਾ ਖੇਤਰ ਮੁਹਾਲੀ ਤੋਂ ਉੱਚਾ ਹੋਣ ਕਾਰਨ ਪਾਣੀ ਦਾ ਕੁਦਰਤੀ ਵਹਾਅ ਮੋਹਾਲੀ ਵਾਲੇ ਪਾਸੇ ਹੈ ਅਤੇ ਇਸ ਦੇ ਨਾਲ-ਨਾਲ ਚੰਡੀਗੜ੍ਹ ਮੋਹਾਲੀ ਦੇ ਫੇਸ 9 ਦੇ ਖੇਤਰ ਦੇ ਬਿਲਕੁਲ ਨਾਲ ਫਲੈਟਾਂ ਦੀ ਉਸਾਰੀ ਕਰ ਦਿੱਤੀ ਹੈ ਜਿਸ ਨਾਲ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਉਂਦੇ ਦਿਨਾਂ ਵਿਚ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨਗੇ ਅਤੇ ਇਲਾਕੇ ਦੇ ਵਸਨੀਕਾਂ ਨਾਲ ਮੁਲਾਕਾਤ ਕਰਕੇ ਸਮੱਸਿਆਵਾਂ ਹੱਲ ਕਰਵਾਉਣਗੇ।ਕੌਂਸਲਰ ਨਿਰਮਲ ਕੌਰ ਢਿੱਲੋਂ ਨੇ ਇਸ ਮੌਕੇ ਮੇਅਰ ਦਾ ਇੱਥੇ ਆਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ ਸਬੰਧੀ ਮੇਅਰ ਦਾ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਨੁਮਾਇੰਦੇ ਅਵਤਾਰ ਸਿੰਘ, ਜੀ ਐਸ ਵਧਵਾ, ਦਰਸ਼ਨ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਜਗਦੇਵ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।