- ਸੀ ਡੀ ਪੀ ੳ ਰਾਹੀਂ ਵਿਭਾਗ ਦੀ ਮੰਤਰੀ ਦੇ ਨਾਂ ਭੇਜਿਆ ਧਰਨੇ ਦਾ ਨੋਟਿਸ
ਜਗਰਾਉਂ ,1 ਮਈ (ਰਛਪਾਲ ਸਿੰਘ ਸ਼ੇਰਪੁਰੀ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਗਰੁੱਪ ਬਲਾਕ ਸਿੱਧਵਾਂ ਬੇਟ ਵੱਲੋਂ ਜਿਲਾ ਪ੍ਰਧਾਨ ਗੁਰਅੰਮ੍ਰਿਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਦੀ ਅਗਵਾਈ ਹੇਠ ਸੀ ਡੀ ਪੀ ੳ ਦਫ਼ਤਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ । ਜਿਸ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ ।ਇਸ ਮੌਕੇ ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪਿਛਲੇਂ 47 ਸਾਲਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸ਼ੋਸਣ ਕਰ ਰਹੀਆਂ ਹਨ । ਇਸ ਤੋਂ ਬਚਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲਾਮਬੰਦ ਹੋ ਕੇ ਮਜ਼ਬੂਤੀ ਨਾਲ ਖੜੇ ਹੋਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ । ਕਿਸੇ ਵੱਲੋਂ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾਉਦਿਆ ਉਹਨਾਂ ਨੇ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਮ ਸੀ ਡੀ ਪੀ ੳ ਰਾਹੀ ਧਰਨੇ ਦਾ ਨੋਟਿਸ ਭੇਜਿਆ ਗਿਆ । ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਲਈ ਉੱਤਰਨਗੀਆ । ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਚੋਥੇ ਦਰਜੇ ਦਾ ਗਰੇਡ ਦਿੱਤਾ ਜਾਵੇ । ਉਹਨਾਂ ਕਿਹਾ ਕਿ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ । ਗਰਮੀਆਂ ਦੀਆਂ ਛੁੱਟੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਬਰਾਬਰ ਕੀਤੀਆਂ ਜਾਣ , ਕਿਉਂਕਿ ਬਹੁਤ ਸਾਰੇ ਆਂਗਣਵਾੜੀ ਸੈਂਟਰ ਸਰਕਾਰੀ ਸਕੂਲਾਂ ਵਿਚ ਚੱਲਦੇ ਹਨ । ਜਦੋਂ ਸਕੂਲ ਬੰਦ ਹੋ ਜਾਂਦੇ ਹਨ ਤਾਂ ਵਰਕਰਾਂ ਤੇ ਹੈਲਪਰਾਂ ਨੂੰ ਔਖ ਆਉਂਦੀ ਹੈ, ਕਿਉਂਕੇ ਸਕੂਲਾਂ ਨੂੰ ਤਾਲੇ ਲੱਗੇ ਹੁੰਦੇ ਹਨ , ਕਮਰੇ ਬੰਦ ਹੁੰਦੇ ਹਨ , ਵਰਕਰ ਹੈਲਪਰ ਸਕੂਲਾਂ ਦੀਆਂ ਕੰਧਾਂ ਨਾਲ ਧੁੱਪ ਵਿਚ ਬੈਠਣ ਲਈ ਮਜਬੂਰ ਹੋ ਜਾਂਦੀਆਂ ਹਨ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਤੁਰੰਤ ਕੀਤੀ ਜਾਵੇ ਅਤੇ ਭਰਤੀ ਕਰਨ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿਚ ਤਰੁੱਟੀਆਂ ਨੂੰ ਦੂਰ ਕਰਨ ਲਈ ਸੋਧ ਕੀਤੀ ਜਾਵੇ । ਇਸ ਤੋਂ ਇਲਾਵਾ 10 ਸੂਤਰੀ ਮੰਗ ਪੱਤਰ ਤੇ ਗੌਰ ਕੀਤੀ ਜਾਵੇ । ਇਸ ਮੌਕੇ ਇੰਨਾ ਦੇ ਨਾਲ ਸਰਬਜੀਤ ਕੌਰ ਵਿਰਕ ਪ੍ਰੈਸ ਸਕੱਤਰ,ਕਰਮਜੀਤ ਕੌਰ ਸਦਰਪੁਰਾ ਜਨਰਲ ਸਕੱਤਰ, ਜਸਵੀਰ ਕੌਰ ਵਲੀਪੁਰ ਸਹਾਇਕ ਸਕੱਤਰ, ਗੁਰਚਰਨ ਕੌਰ ਭੂੰਦੜੀ ਪ੍ਰਚਾਰ ਸਕੱਤਰ, ਪੁਸ਼ਪਿੰਦਰ ਕੌਰ,ਪਰਮਜੀਤ ਕੌਰ ਬੁਜਰਗ ਸਰਕਲ ਪ੍ਰਧਾਨ, ਅਮਰਜੀਤ ਕੌਰ ਬਣੀਏ ਵਾਲ ਸਮੇਤ ਹੋਰ ਆਗੂ ਹਾਜਰ ਸਨ।