ਮਾਨਸਾ, 6 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲ੍ਹੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਲਾ (ਕੋਠੇ) ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ,ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਰੱਲਾ ਨੇ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ, ਡਿਪਟੀ ਡੀਈਓ ਗੁਰਲਾਭ ਸਿੰਘ,ਸਿਹਤ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਪਵਨ ਕੁਮਾਰ ਫੱਤੇਵਾਲੀਆਂ,ਸਿੱਖਿਆ ਵਿਕਾਸ ਮੰਚ ਮੰਚ ਮਾਨਸਾ ਦੇ ਚੇਅਰਮੈਨ ਡਾ ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ,ਬੀਪੀਈਓ ਅਮਨਦੀਪ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੂੰ ਵਧਾਈ ਦਿੰਦਿਆਂ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ (ਕੋਠੇ) ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ,ਨਵਦੀਪ ਕੌਰ ਨੇ ਪੰਜਵੀਂ ਦੀ ਪ੍ਰੀਖਿਆ ਦੌਰਾਨ ਸੌ ਫੀਸਦੀ ਨੰਬਰ(500/500) ਹਾਸਲ ਕਰਕੇ ਪੰਜਾਬ ਭਰ ਚੋਂ ਕਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦੋਨੋਂ ਵਿਦਿਆਰਥੀਆਂ ਨੇ ਪੰਜਾਬ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੋਵੇ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਮਾਣ ਮਹਿਸੂਸ ਕੀਤਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਪਹਿਲਾ ਖੇਡਾਂ ਵਿਚੋਂ, ਹੁਣ ਪੜ੍ਹਾਈ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ,ਉਨ੍ਹਾਂ ਕਿਹਾ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਜ਼ਿਲ੍ਹੇ ਦੇ ਸਮੂਹ ਅਧਿਆਪਕ ਵਧਾਈ ਦੇ ਪਾਤਰ ਹਨ,ਜਿੰਨਾਂ ਨੇ ਪਿਛਲੇ ਸਮੇਂ ਤੋ ਦਿਨ ਰਾਤ ਇਕ ਕਰਕੇ ਵਿਦਿਆਰਥੀਆਂ ਨੂੰ ਮਿਹਨਤ ਕਰਵਾਈ। ਉਨ੍ਹਾਂ ਸਕੂਲਾਂ ਮੁੱਖੀ ਅਤੇ ਜਮਾਤ ਇੰਚਾਰਜ਼ ਗੁਰਪ੍ਰੀਤ ਸਿੰਘ, ਬੀ ਐੱਮ ਟੀ ਜਗਤਾਰ ਝੱਬਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ, ਜਿੰਨਾਂ ਦੀ ਮਿਹਨਤ ਕਰਕੇ ਦੋਨੋਂ ਬੱਚੀਆਂ ਨੇ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕੀਤਾ।