ਲੁਧਿਆਣਾ, 5 ਮਈ : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਮਹੀਨਾਵਾਰ ਨਿਊਜ਼ਲੈਟਰ ਜਾਰੀ ਕੀਤਾ ਗਿਆ।'ਖ਼ਬਰਾਂ ਲੁਧਿਆਣਵੀ' ਸਿਰਲੇਖ ਲੁਧਿਆਣਾ ਦੇ ਲੋਕਾਂ ਨੂੰ ਪ੍ਰਸ਼ਾਸਨ ਨਾਲ ਜੁੜੇ ਰਹਿਣ ਅਤੇ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਦੇ ਯੋਗ ਬਣਾਏਗਾ।ਪ੍ਰਸ਼ਾਸਨ ਦੀ ਪਹਿਲਕਦਮੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨਿਊਜ਼ਲੈਟਰ ਪੰਜਾਬ ਸਰਕਾਰ ਦੇ ਨਵੀਨਤਮ ਪ੍ਰੋਗਰਾਮਾਂ ਅਤੇ ਨੀਤੀਆਂ ਤੋਂ ਇਲਾਵਾ ਮਹੀਨੇ ਵਿੱਚ ਕੈਂਪ, ਮੀਟਿੰਗਾਂ, ਸਮਾਗਮਾਂ ਅਤੇ ਹੋਰ ਗਤੀਵਿਧੀਆਂ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਵੇਗਾ। ਡਿਪਟੀ ਕਮਿਸ਼ਨਰ ਮਲਿਕ ਵਲੋਂ ਇਸ ਨਿਊਜ਼ਲੈਟਰ ਨੂੰ ਆਪਣੇ ਪੱਧਰ 'ਤੇ ਤਿਆਰ ਕਰਨ ਲਈ ਅਪਰਨਾ ਐਮਬੀ, ਆਈ.ਏ.ਐਸ., ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਿਊਜ਼ਲੈਟਰ ਨਾਗਰਿਕਾਂ ਨੂੰ ਆਉਣ ਵਾਲੇ ਸਮਾਗਮਾਂ ਅਤੇ ਕੈਂਪਾਂ ਬਾਰੇ ਵੀ ਜਾਣਕਾਰੀ ਦੇਵੇਗਾ ਤਾਂ ਜੋ ਉਹ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਅਪਰਨਾ ਐਮ.ਬੀ. ਨੇ ਕਿਹਾ ਕਿ ਨਾਗਰਿਕਾਂ ਨੂੰ ਨਿਊਜ਼ਲੈਟਰ ਰਾਹੀਂ cgludhiana@gmail.com 'ਤੇ ਈਮੇਲ ਕਰਕੇ ਪ੍ਰਸ਼ਾਸਨ ਨੂੰ ਉਸਾਰੂ ਸੁਝਾਅ ਦੇਣ ਦਾ ਮੌਕਾ ਮਿਲੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸ.ਡੀ.ਐਮ. ਜਸਲੀਨ ਭੁੱਲਰ ਅਤੇ ਹੋਰ ਵੀ ਹਾਜ਼ਰ ਸਨ।