- ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਮਤਦਾਨ ਦੇ ਅਧਿਕਾਰ ਦੀ ਸੁਵਰਤੋਂ ਲਈ ਕੀਤਾ ਜਾਵੇਗਾ ਪ੍ਰੇਰਿਤ
ਬਰਨਾਲਾ, 27 ਫਰਵਰੀ : ਲੋਕ ਸਭ ਚੋਣਾਂ 2024 ਦੀ ਤਿਆਰੀਆਂ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀਆਂ ਦੀ ਵਿਸ਼ੇਸ਼ ਬੈਠਕ ਅੱਜ ਜ਼ਿਲ੍ਹਾ ਚੋਣ ਅਫ਼ਸਰ - ਕਮ- ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਕਿਹਾ ਕਿ 18 ਸਾਲ ਦੀ ਉਮਰ 'ਤੇ ਪੁੱਜਣ ਵਾਲੇ ਨੌਜਵਾਨਾਂ ਨੂੰ ਨਵੇਂ ਵੋਟਰ ਵਜੋਂ ਰਜਿਸਟਰ ਕੀਤਾ ਜਾਵੇ ਤਾਂ ਜੋ ਹਰ ਇੱਕ ਵੋਟ ਪਾਉਣ ਯੋਗ ਵਿਅਕਤੀ ਆਪਣੇ ਅਧਿਕਾਰ ਦਾ ਇਸਤਮਾਲ ਕਰ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਬਰਨਾਲਾ 'ਚ ਚਲਦੇ ਸਾਰੇ ਹੀ ਆਈਲੈਟਸ ਸੈਂਟਰਾਂ ਵਿਖੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਰੇਜਿਸਟ੍ਰੇਸ਼ਨ ਕੀਤੀ ਜਾਵੇ । ਨਾਲ ਹੀ ਉਨ੍ਹਾਂ ਕਿਹਾ ਕਿ ਇਸ ਲਈ ਆਈਲੈਟਸ ਕੇਂਦਰਾਂ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਦੇ ਵੋਟਾਂ ਸਬੰਧੀ ਫਾਰਮ ਭਰਵਾਏ ਜਾਣ ਅਤੇ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾਣ । ਉਨ੍ਹਾਂ ਕਿਹਾ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ "ਇਸ ਵਾਰ 70 ਪਾਰ" ਦੇ ਵਿਸ਼ੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਮਤਦਾਨ ਦਰ ਨੂੰ 70 ਫ਼ੀਸਦੀ ਤੋਂ ਵਧਾਉਣਾ ਹੈ। ਆਉਂਦੀਆਂ ਲੋਕ ਸਭ ਚੋਣਾਂ 'ਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵੱਖ ਵੱਖ ਥਾਵਾਂ ਉੱਤੇ ਵੋਟ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਖੇਡੇ ਜਾਣਗੇ। ਉਨ੍ਹਾਂ ਹਦਾਇਤ ਦਿੱਤੀ ਕਿ ਇਸ ਸਬੰਧੀ ਵਿਓਂਤਬੰਦੀ ਕਰਕੇ ਨੁੱਕੜ ਨਾਟਕ ਜਲਦ ਤੋਂ ਜਲਦ ਸ਼ੁਰੂ ਕਰਵਾਏ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਕੋਈ ਵੀ ਬੂਥ ਲੈਵਲ ਅਫ਼ਸਰ ਉਸ ਕੋਲ ਵੋਟਾਂ ਸਬੰਧੀ ਲੰਬਿਤ ਪਾਏ ਦਸਤਾਵੇਜ਼ਾਂ ਨੂੰ ਆਪਣੇ ਕੋਲ ਨਾ ਰੱਖੇ ਅਤੇ ਨਿਯਮਾਂ ਮੁਤਾਬਿਕ ਇਨ੍ਹਾਂ ਦਾ ਨਿਬੇੜਾ ਕਰੇ। ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਵੱਖ ਵੱਖ ਵਿਧਾਨ ਸਭਾ ਖੇਤਰਾਂ 'ਚ ਔਰਤਾਂ ਲਈ ਵਿਸ਼ੇਸ਼ ਗੁਲਾਬੀ ਪੋਲਿੰਗ ਬੂਥ, ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਪੀ.ਡਬਲਿਊ.ਡੀ. ਪੋਲਿੰਗ ਬੂਥ ਅਤੇ ਨੌਜਵਾਨਾਂ ਲਈ ਬਣਾਏ ਜਾਣ ਵਾਲੇ ਵਿਸ਼ੇਸ਼ ਬੂਥਾਂ ਦੀ ਵੀ ਪਛਾਣ ਕਰਕੇ ਲੋੜੀਂਦੇ ਪ੍ਰਬੰਧ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਵੈੱਨਾਂ ਵੋਟਾਂ ਅਤੇ ਈ.ਵੀ.ਐੱਮ. ਮਸ਼ੀਨਾਂ ਬਾਰੇ ਜਾਗਰੂਕਤਾ ਸਬੰਧੀ ਚਲਾਈ ਜਾਣੀਆਂ ਹਨ। ਇਹ ਵੈੱਨਾਂ ਜਨਤਕ ਥਾਵਾਂ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਅਤੇ ਆਪਣੇ ਮਤਦਾਨ ਦੇ ਅਧਿਕਾਰ ਨੂੰ ਸੁਚੱਜੇ ਢੰਗ ਨਾਲ ਵਰਤਣ ਲਈ ਪ੍ਰੇਰਣਗੀਆਂ। ਇਸ ਮੌਕੇ ਵਧੀਕ ਚੋਣ ਅਫ਼ਸਰ - ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੋਹਲ, ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਕੁਮਾਰ, ਮੁੱਖ ਮੰਤਰੀ ਫ਼ੀਲਡ ਅਫ਼ਸਰ ਗੋਪਾਲ ਸਿੰਘ, ਵੱਖ ਵੱਖ ਚੋਣ ਇਕਾਈਆਂ ਦੇ ਨੋਡਲ ਅਫ਼ਸਰ ਅਤੇ ਹੋਰ ਲੋਕ ਮੌਜੂਦ ਸਨ ।