ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ 'ਚੋਂ ਕਣਕ ਦੀ ਲਿਫਟਿੰਗ ਮੁਕੰਮਲ

ਪਟਿਆਲਾ, 20 ਮਈ : ਇਸ ਵਾਰ ਦੇ ਰੱਬੀ ਸੀਜਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ 107 ਮੰਡੀਆਂ ਵਿੱਚੋਂ ਰਿਕਾਰਡ 8.95 ਮੀਟ੍ਰਿਕ ਟਨ ਕਣਕ ਦੀ ਲਗਪਗ 100 ਫੀਸਦੀ ਖਰੀਦ ਅਤੇ ਲਿਫਟਿੰਗ ਮੁਕੰਮਲ ਹੋ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਇਸ ਦੀ ਨਿਰਵਿਘਨ ਖਰੀਦ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ 1900.14 ਕਰੋੜ ਰੁਪਏ ਤੋਂ ਵਧੇਰੇ ਦੀ ਅਦਾਇਗੀ ਕੀਤੀ ਗਈ ਹੈ। ਸਾਕਸ਼ੀ ਸਾਹਨੀ ਨੇ ਇਸ ਸਫ਼ਲ ਰੱਬੀ ਸੀਜਨ ਲਈ ਜ਼ਿਲ੍ਹੇ ਦੇ ਸਮੁੱਚੇ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਦੀ ਕਿਸੇ ਵੀ ਮੰਡੀ ਵਿੱਚ ਮੁੱਖ ਮੰਤਰੀ ਦੀ ਹਦਾਇਤ ਮੁਤਾਬਕ ਕਣਕ ਦੀ ਖਰੀਦ ਅਤੇ ਅਦਾਇਗੀ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ। ਇਸੇ ਦੌਰਾਨ ਰੱਬੀ ਖਰੀਦ ਸੀਜਨ ਸਫ਼ਲ ਹੋਣ ਲਈ ਆੜਤੀਆ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ ਨੇ ਡਿਪਟੀ ਕਮਿਸ਼ਨਰ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਿਕਾਰਡ 8.95 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਰਿਕਾਰਡ 37 ਦਿਨਾਂ ਵਿੱਚ ਕਰਵਾਉਣੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਰੋਜ਼ਾਨਾ ਦੀ ਮੋਨੀਟਰਿੰਗ ਕਰਕੇ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਇਸ ਵਾਰ ਓਪਨ ਪਲਿੰਥ ਨਹੀਂ ਲੱਗੇ, ਪੀਈਜੀ ਗੋਦਾਮ ਦੇਰੀ ਨਾਲ ਸ਼ੁਰੂ ਹੋਏ, ਪਹਿਲੀ ਵਾਰ ਚੱਲੇ ਵੀਟੀਐਸ (ਵਹੀਕਲ ਟ੍ਰੈਕਿੰਗ ਸਿਸਟਮ) ਅਤੇ ਨਵੇਂ ਠੇਕੇਦਾਰਾਂ ਦੀ ਸਮੱਸਿਆ ਸਮੇਤ ਇਸ ਵਾਰ ਪਿਛਲੇ 4 ਸਾਲਾਂ ਦੀ ਸਭ ਤੋਂ ਵਧੇਰੇ ਕਣਕ ਦੀ ਆਮਦ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੱਬੀ ਸੀਜਨ ਨੂੰ ਪੂਰੀ ਸਫ਼ਲਤਾ ਨਾਲ ਮੁਕੰਮਲ ਕੀਤਾ ਹੈ। ਇਸ ਮੌਕੇ ਰਾਜਪੁਰਾ ਮੰਡੀ ਪ੍ਰਧਾਨ ਦਵਿੰਦਰ ਸਿੰਘ, ਸਮਾਣਾ ਦੇ ਪ੍ਰਧਾਨ ਸੰਦੀਪ ਸੰਜੂ, ਪਾਤੜਾਂ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ, ਸਨੌਰੀ ਮੰਡੀ ਪ੍ਰਧਾਨ ਪਵਨ ਸਿੰਗਲਾ, ਸਨੌਰ ਪ੍ਰਧਾਨ ਰਜਿਤ ਕਪੂਰ, ਦੇਵੀਗੜ੍ਹ ਮੰਡੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਹਡਾਣਾ, ਜੀਤ ਸਿੰਘ, ਪ੍ਰਿਥੀਪਾਲ ਸਿੰਘ, ਡਾ. ਗੁਰਮੇਜ ਸਿੰਘ, ਧਰਮਿੰਦਰ ਸਿੰਘ, ਪਟਿਆਲਾ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ, ਦੁਧਨ ਮੰਡੀ ਤੋਂ ਸਿਮਰਜੀਤ ਸੋਹਲ, ਬਲਬੇੜਾ ਮੰਡੀ ਤੋਂ ਕਰਮਜੀਤ ਸਿੰਘ, ਨਾਭਾ ਤੋਂ ਸੁਰਿੰਦਰ ਕੁਮਾਰ, ਭਾਦਸੋਂ ਤੋਂ ਮਹਿੰਦਰ ਸਿੰਘ ਝਬਾਲ, ਸੁਭਾਸ਼ ਗੋਇਲ ਬਾਦਸ਼ਾਹਪੁਰ, ਨਾਹਰ ਸਿੰਘ ਘੱਗਾ, ਘਨੌਰ ਤੋਂ ਜਗਦੀਸ਼ ਕੁਮਾਰ ਤੇ ਡਕਾਲਾ ਤੋਂ ਅਸ਼ੋਕ ਗੋਇਲ ਆਦਿ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਨ ਪੁੱਜੇ ਹੋਏ ਸਨ।