ਪਟਿਆਲਾ, 10 ਮਈ : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਮੁੱਖ ਦਫਤਰ ਵਿਖੇ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਕਾਵਿ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਵਿਦਵਾਨਾਂ, ਕਵੀਆਂ ਤੇ ਆਲੋਚਕਾਂ ਨੇ ਕਾਵਿ ਸਿਰਜਣ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ‘ਤੇ ਨਿੱਠ ਕੇ ਚਾਨਣਾ ਪਾਇਆ। ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਦੀ ਦੇਖ-ਰੇਖ ‘ਚ ਹੋਏ ਸਮਾਗਮ ‘ਚ ਵੱਡੀ ਗਿਣਤੀ ‘ਚ ਕਵੀਆਂ ਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਉੱਘੇ ਵਿਦਵਾਨ ਜਸਵੰਤ ਜ਼ਫਰ ਮੁੱਖ ਮਹਿਮਾਨ ਵਜੋਂ, ਕਵੀ ਗੁਰਪ੍ਰੀਤ ਸਿੰਘ ਮੁੱਖ ਵਕਤਾ ਤੇ ਦਰਸ਼ਨ ਸਿੰਘ ਭੰਮੇ ਵਿਸ਼ੇਸ਼ ਵਕਤਾ ਵਜੋਂ ਸ਼ਾਮਲ ਹੋਏ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਡਾ. ਅਰਵਿੰਦਰ ਕੌਰ ਕਾਕੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਨੇ ਸਮਾਗਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ ਅਤੇ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ। ਉੱਘੇ ਵਿਦਵਾਨ ਜਸਵੰਤ ਜ਼ਫਰ ਨੇ ਆਪਣੇ ਭਾਸ਼ਨ ‘ਚ ਕਿਹਾ ਕਿ ਕਵਿਤਾ ਤੇ ਬੋਲੀ ਇਕੱਠੇ ਪੈਦਾ ਹੁੰਦੇ ਹਨ ਅਤੇ ਦੋਨੋਂ ਹੀ ਵਿਅਕਾਰਨ ਦੇ ਵਿਧੀ-ਵਿਧਾਨ ਤੋਂ ਮੁਕਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੁੱਲ੍ਹੀ ਤੇ ਛੰਦਬੱਧ ਕਵਿਤਾ ਦਾ ਆਪੋ-ਆਪਣਾ ਵਿਧੀ ਵਿਧਾਨ ਹੈ। ਖੁੱਲ੍ਹੀ ਕਵਿਤਾ ਦੀ ਆਮਦ ਤੇ ਸੰਚਾਰ ਸਾਧਨਾਂ ਦੀ ਬਹੁਤਾਤ ਵਾਲੇ ਜ਼ਮਾਨੇ ‘ਚ ਛੰਦਬੱਧ ਕਵਿਤਾ ਦਾ ਰੁਝਾਨ ਕਾਫੀ ਘਟਿਆ ਹੈ। ਜਸਵੰਤ ਜ਼ਫਰ ਨੇ ਕਿਹਾ ਕਿ ਛੰਦਬੱਧ ਕਵਿਤਾ ਬਹੁਤ ਛੇਤੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹ ਜਾਂਦੀ ਹੈ ਪਰ ਵਧੀਆ ਕਵਿਤਾ ਉਹੀ ਹੁੰਦੀ ਹੈ ਜੋ ਪਾਠਕ ਦੀ ਸੋਚ ਤੋਂ ਪਰੇ ਹੋਵੇ। ਸ. ਜ਼ਫਰ ਨੇ ਕਿਹਾ ਕਿ ਪੰਜਾਬੀਆਂ ਦਾ ਅਵਚੇਤਨ ਗੀਤਾਂ ਨਾਲ ਬਣਿਆ ਹੋਇਆ ਹੈ। ਇਹ ਆਪਣੀ ਹਰ ਖੁਸ਼ੀ-ਗਮੀ ਦਾ ਪ੍ਰਗਟਾਵਾ ਵੱਖ-ਵੱਖ ਤਰ੍ਹਾਂ ਦੇ ਗੀਤਾਂ ਰਾਹੀਂ ਕਰਦੇ ਹਨ। ਸ. ਦਰਸ਼ਨ ਸਿੰਘ ਭੰਮੇ ਨੇ ਛੰਦਬੱਧ ਕਵਿਤਾ ਸਬੰਧੀ ਆਪਣੇ ਭਾਸ਼ਨ ਦੌਰਾਨ ਕਵਿਤਾ ਦੀਆਂ ਵੰਨਗੀਆਂ ਅਤੇ ਬਾਰੀਕੀਆਂ ਬਾਰੇ ਜਾਣਕਾਰੀ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ।