ਫ਼ਤਹਿਗੜ੍ਹ ਸਾਹਿਬ, 06 ਮਾਰਚ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਿੰਡ ਬੋਰਾਂ ਵਿੱਖੇ ਗੋਭੀ ਸਰੋਂ ਦੀ ਸਫਲ ਕਾਸ਼ਤ ਸਬੰਧੀ ਆਈ.ਸੀ.ਏ.ਆਰ, ਅਟਾਰੀ ਦੀ ਅਗਵਾਈ ਹੇਠ ਖੇਤ ਦਿਵਸ ਮਨਾਇਆ ਗਿਆ। ਜਿਸ ਵਿੱਚ ਪਿੰਡ ਬੋਰਾਂ ਦੇ 50 ਕਿਸਾਨਾਂ ਨੇ ਹਿੱਸਾ ਲਿਆ। ਇਸ ਖੇਤ ਦਿਵਸ ਦੀ ਸ਼ੁਰੂਆਤ ਡਾ. ਅਜੈ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਸਾਰੇ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਕਨੌਲਾ ਸਰੋਂ ਦੀ ਸਫਲ ਕਾਸ਼ਤ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਨੌਲਾ ਸਰੋਂ ਦੀ ਕਿਸਮ ਜੀ ਐਸ ਸੀ-7 ਦਾ ਬੀਜ ਖੁਦ ਤਿਆਰ ਵੀ ਕਰ ਸਕਦੇ ਹਨ।ਡਾ. ਮਨੀਸ਼ਾ ਭਾਟੀਆ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕਨੌਲਾ ਸਰੋਂ ਦੇ ਤੇਲ ਦੀ ਗੁਣਵੱਤਾ ਬਾਰੇ ਦਸਦੇ ਹੋਏ ਆਪਣੇ ਰੋਜ਼ਾਨਾਂ ਦੇ ਭੋਜਨ ਵਿੱਚ ਇਸ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਪੇ੍ਰਿਆ। ਡਾ. ਅਮਨਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਗੋਭੀ ਸਰੋਂ ਦੀ ਸਫਲ ਕਾਸ਼ਤ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਕਨੌਲਾ ਸਰੋਂ ਦੀ ਕਿਸਮ ਜੀ ਐਸ ਸੀ-7 ਦੇ ਅਧੀਨ ਹੋਰ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ।ਇਸ ਖੇਤ ਦਿਵਸ ਦੌਰਾਨ ਕਿਸਾਨਾਂ ਨੇ ਵੱਧ ਚੜ੍ਹ ਕੇ ਗਲਬਾਤ ਵਿਚ ਹਿੱਸਾ ਲੈਂਦੇ ਹੋਏ ਕਨੌਲਾ ਸਰੋਂ ਬਾਰੇ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ।ਅਗਾਂਹਵਧੂ ਕਿਸਾਨ ਸ. ਅਮਰੀਕ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਸਾਨਾਂ ਨੂੰ ਗੋਭੀ ਸਰੋਂ ਦੀ ਕਾਸ਼ਤ ਕਰਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ ।