ਫਾਜਿ਼ਲਕਾ, 5 ਮਈ : ਪੰਜਾਬ ਸਰਕਾਰ ਵੱਲੋਂ ਮਿਸ਼ਨ ਉੱਨਤ ਕਿਸਾਨ ਤਹਿਤ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੰਯੁਕਤ ਡਾਇਰੈਕਟਰ ਖੇਤੀਬਾੜੀ (ਕੇਨ ਕਮਿਸ਼ਨਰ) ਸ੍ਰੀ ਰਾਜੇਸ਼ ਕੁਮਾਰ ਰਹੇਜਾ ਮੁਹਾਲੀ ਵੱਲੋਂ ਨਰਮੇ/ਕਪਾਹ ਦੀ ਫਸਲ ਨੂੰ ਕਾਮਯਾਬ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਖਾਦ ਬੀਜ ਅਤੇ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ। ਬਲਾਕ ਅਬੋਹਰ ਅਤੇ ਖੂਈਆਂ ਸਰਵਰ ਵਿਖੇ ਛਟੀਆਂ ਦੇ ਢੇਰਾਂ ਦੀ ਸਾਫ-ਸਫਾਈ ਦੀ ਚੈਕਿੰਗ ਕਰਨ ਮੌਕੇ ਸਬੰਧਿਤ ਸਥਾਨ ਤੇ ਕਿਸੇ ਪ੍ਰਕਾਰ ਦਾ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਨਹੀਂ ਪਾਇਆ ਗਿਆ। ਉਨ੍ਹਾਂ ਕਿਸਾਨਾਂ ਨੂੰ ਛਟੀਆਂ ਦੇ ਢੇਰਾਂ ਅਤੇ ਖੇਤਾਂ ਦੇ ਆਲੇ-ਦੁਆਲੇ ਨਦੀਨਾਂ ਦੀ ਸਾਫ-ਸਫਾਈ ਕਰਨ ਬਾਰੇ ਕਿਹਾ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਨਰਮੇ ਦੀ ਫਸਲ ਤੇ ਕਿਸੇ ਪ੍ਰਕਾਰ ਦੀ ਬਿਮਾਰੀ ਦਾ ਹਮਲਾ ਨਾ ਹੋਵੇ। ਉਨ੍ਹਾਂ ਦੌਰਾਨ ਸਮੂਹ ਸਟਾਫ ਨੂੰ ਆਪਣਾ ਕੰਮ ਤਨਦੇਹੀ ਨਾਲ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਅਬੋਹਰ ਵਿਖੇ ਨਰਮੇ ਦੀ ਬਿਜਾਈ ਵਾਲੇ ਖੇਤ ਦਾ ਨਰੀਖਣ ਕੀਤਾ ਅਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਦਿਆਂ ਵਿਸ਼ਵਾਸ ਦਵਾਇਆ ਕਿ ਨਰਮੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਸਿਫਾਰਸ਼ ਸ਼ੁਦਾ ਕਿਸਮਾਂ ਦੇ ਬੀਜ ਹੀ ਬੀਜਣ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਨਰਮੇ ਦੇ ਬੀਜ ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਸਬਸਿਡੀ ਵਾਲਾ ਬੀਜ ਲੈਣ ਲਈ ਜ਼ਿਲ੍ਹੇ ਦੇ ਕਿਸਾਨ ਖੇਤੀਬਾੜੀ ਵਿਭਾਗ ਦੇ ਪੋਰਟਲ https://agrimachinerypb.com/ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਮੂੰਗੀ ਦੀ ਕਾਸਤ ਨਾ ਕਰਨ ਕਿਉਂਕਿ ਇਸ ਨਾਲ ਨਰਮੇ ਦੀ ਫਸਲ ਉਪਰ ਚਿੱਟੀ ਮੱਖੀ ਦਾ ਹਮਲਾ ਹੁੰਦਾ ਹੈ। ਅਬੋਹਰ ਵਿਖੇ ਨਰਮੇ/ਕਪਾਹ ਦੀ ਫਸਲ ਨੂੰ ਪ੍ਰਫੂਲਿਤ ਕਰਨ ਲਈ ਕਿਸਾਨ ਜਾਗਰੂਕਤਾ ਵੈਨ ਨੂੰ ਕੇਨ ਕਮਿਸ਼ਨਰ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ਸੰਯੁਕਤ ਡਾਇਰੈਕਟਰ ਖੇਤੀਬਾੜੀ (ਕੇਨ ਕਮਿਸ਼ਨਰ) ਸ੍ਰੀ ਰਾਜੇਸ਼ ਕੁਮਾਰ ਰਹੇਜਾ ਮੁਹਾਲੀ ਵੱਲੋਂ ਬਲਾਕ ਅਬੋਹਰ ਵਿਖੇ ਨਰਮੇ/ਕਪਾਹ ਦੀ ਫਸਲ ਨੂੰ ਪ੍ਰਫੂਲਿਤ ਕਰਨ ਲਈ ਕਿਸਾਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਕਿਸਾਨ ਜਾਗਰੂਕਤਾ ਵੈਨ ਬਲਾਕ ਅਬੋਹਰ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਲੱਗਣ ਵਾਲੀਆ ਬਿਮਾਰੀਆਂ ਦੇ ਲੱਛਣਾਂ ਅਤੇ ਰੋਕਕਾਮ ਪ੍ਰਤੀ ਜਾਗਰੂਕ ਕਰੇਗੀ।