ਕਰਸਮਰ, 02 ਅਪ੍ਰੈਲ (ਬੇਅੰਤ ਸਿੰਘ ਰੋੜੀਆਂ) : ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਾਲਜ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ ਜੀ ਦੀ ਅਗਵਾਈ ਵਿੱਚ ਅੰਤਰ-ਕਾਲਜ ਵਿਰਾਸਤੀ ਮੁਕਾਬਲੇ ਆਯੋਜਿਤ ਕੀਤੇ ਗਏ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਗੁਰਦਿੱਤ ਸਿੰਘ ਨੇ ਇਹਨਾਂ ਵਿਰਾਸਤੀ ਮੁਕਾਬਲਿਆਂ ਨੂੰ ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਇੰਦਰਪਾਲ ਸਿੰਘ ਅਤੇ ਸਹਿ-ਸੰਚਾਲਕ ਡਾ. ਜਸਵੀਰ ਕੌਰ ਦੇ ਕੁਸ਼ਲ ਪ੍ਰਬੰਧਾਂ ਨਾਲ ਆਯੋਜਿਤ ਕੀਤਾ। 14 ਵੰਨਗੀਆਂ ਦੇ ਇਹਨਾਂ ਮੁਕਾਬਲਿਆਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਕਈ ਕਾਲਜਾਂ ਨੇ ਭਾਗ ਲਿਆ। ਕਰਮਸਰ ਕਾਲਜ ਵੱਲੋਂ ਆਪਣੇ ਵਿਦਿਆਰਥੀ ਪ੍ਰਤੀਯੋਗੀਆਂ ਨੂੰ ਇਨਾਮਾਂ ਦੀ ਦੌੜ੍ਹ ਤੋਂ ਪਰ੍ਹੇ ਰੱਖ ਕੇ ਸਮੂਹ ਕਾਲਜਾਂ ਨੂੰ ਨਿਰਪੱਖ ਹੋ ਕੇ ਮੁਕਾਬਲੇ ਕਰਵਾਉਣ ਦਾ ਵਿਸ਼ੇਸ਼ ਸੁਨੇਹਾ ਦਿੱਤਾ ਗਿਆ। ਪੰਜਾਬ ਦੇ ਲੋਕ-ਕਲਾਵਾਂ ਦੀ ਪ੍ਰਮੁੱਖ ਸ਼ਖਸੀਅਤ ਸ਼੍ਰੀਮਤੀ ਦਵਿੰਦਰ ਕੌਰ ਢੱਟ ਨੇ ਇਹਨਾਂ ਮੁਕਾਬਲਿਆਂ ਦੇ ਨਿਰਣਾਇਕ ਦੀ ਭੂਮਿਕਾ ਬਖੂਬੀ ਨਿਭਾਈ ਅਤੇ ਵਿਰਾਸਤੀ ਵੰਨਗੀਆਂ ਨਾਲ ਆਪਣੇ ਪਿਛੋਕੜ ਦੀ ਸਾਂਝ ਪਾਉਂਦਿਆ ਨੌਜਵਾਨ ਵਰਗ ਨੂੰ ਇਹਨਾਂ ਕਲਾਵਾਂ ਨੂੰ ਅਪਣਾਉਣ ਦਾ ਸੁਨੇਹਾ ਵੀ ਦਿੱਤਾ। ਮਿਸ ਵਰਲਡ ਪੰਜਾਬਣ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਡਾਇਰੈਕਟਰ ਸ਼੍ਰੀ ਜਸਮੇਰ ਢੱਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਨਿਰਮਲ ਜੌੜਾ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਜਿਉਂਦਾ ਰੱਖਣ ਲਈ ਇਹਨਾਂ ਦੀ ਸੰਭਾਲ ਕਰਨ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਪ੍ਰੇਰਾਨ ਵੀ ਦਿੱਤੀ। ਇਸ ਮੌਕੇ ਕਾਲਜ ਦੀ ਐਲੂਮਨੀ ਦੀ ਪ੍ਰਤੀਨਿੱਧਤਾ ਕਰਦਿਆਂ ਮੈਡਮ ਚਰਨਜੀਤ ਕੌਰ ਨੇ ਕਾਲਜ ਦੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਮੁਕਾਬਲੇ ਪੰਜਾਬ ਇਮੇਜ ਡਾਟ ਕਾਮ ਨਾਮ ਦੀ ਪ੍ਰਮੁੱਖ ਸੰਸਥਾ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਦੀ ਪ੍ਰਤੀਨਿੱਧਤਾ ਸ. ਸੁਰਿੰਦਰ ਸਿੰਘ ਲਾਪਰ ਨੇ ਕੀਤੀ ਅਤੇ ਹਰ ਸਾਲ ਅਜਿਹੇ ਮੁਕਾਬਲੇ ਕਰਵਾਉਣ ਲਈ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਕਾਲਜ ਦੇ ਪੁਰਾਣੇ ਵਿਦਿਆਰਥੀ ਮਾ. ਬਲਰਾਜ ਸਿੰਘ ਨੇ ਆਪਣੇ ਗੀਤ ਨਾਲ ਸਭ ਨੂੰ ਸਰਸ਼ਾਰ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਗੋਬਿੰਦਗੜ੍ਹ ਪਬਲਿਕ ਕਾਲਜ ਅਲੌਰ ਦੀ ਕੋਮਲ ਕੌਸ਼ਲ ਨੇ ਮਹਿੰਦੀ ਲਗਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮਾਤਾ ਗੰਗਾ ਖਲਾਸਾ ਕਾਲਜ ਕੋਟਾਂ ਦੀ ਕਵਿਤਾ ਨੇ ਨਿਟਿੰਗ ਜਦਕਿ ਸਨੇਹਾ ਕੁਮਾਰੀ ਨੇ ਪੱਖੀ ਬੁਣਨ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਪਰਾਂਦਾ ਬਣਾਉਣ ਵਿੱਚ ਬੀਸੀਐੱਮ ਕਾਲਜ ਆਫ ਐਜੂਕੇਸ਼ਨ ਦੀ ਪੂਜਾ ਕੁਮਾਰੀ ਅੱਵਲ ਰਹੀ। ਇਸੇ ਤਰ੍ਹਾਂ ਆਤਮ ਵੱਲਭ ਜੈਨ ਕਾਲਜ ਦੀ ਮਾਨਿਕਾ ਜਿੰਦਲ ਨੇ ਨਾਲਾ ਬੁਣਨ, ਆਂਚਲ ਸ਼ਰਮਾ ਨੇ ਛਿੱਕੂ ਬਣਾਉਣ, ਟੀਮਾ ਕੁਮਾਰੀ ਨੇ ਗੁੱਡੀਆਂ ਪਟੋਲੇ, ਸ਼ੁਭਰਾ ਸ਼ਰਮਾ ਨੇ ਖਿੱਦੋ ਬਣਾਉਣ, ਕਰਨਵੀਰ ਸਿੰਘ ਨੇ ਪੀੜ੍ਹੀ ਬੁਣਨ, ਕਾਵਿਆ ਜੈਨ ਨੇ ਇੰਨੂੰ ਬਣਾਉਣ, ਮਮਤਾ ਨੇ ਫੁਲਕਾਰੀ ਕੱਢਣ, ਜਤਿਨ ਸ਼ਰਮਾ ਨੇ ਰੱਸਾ ਵੱਟਣ, ਮਨੀ ਨੇ ਕ੍ਰੋਸ਼ੀਆ ਬੁਣਨ ਜਦਕਿ ਅੰਕਿਤਾ ਨੇ ਕ੍ਰਾਸ ਸਟਿੱਚ ਵਿੱਚ ਪਹਿਲੇ ਸਥਾਨਾਂ ਤੇ ਕਬਜ਼ਾ ਕੀਤਾ। ਸ਼੍ਰੀ ਆਤਮ ਵੱਲਭ ਜੈਨ ਕਾਲਜ ਨੇ ਵਿਰਾਸਤੀ ਮੁਕਾਬਲਿਆਂ ਦੀ ਓਵਰਆਲ ਟ੍ਰਾਫੀ ਜਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪ੍ਰੋ ਹਰਮਨਦੀਪ ਕੌਰ, ਪ੍ਰੋ ਰਮਨਦੀਪ ਕੌਰ , ਪ੍ਰੋ ਹਰਪ੍ਰੀਤ ਕੌਰ, ਪ੍ਰੋ.ਰਾਜਵਿੰਦਰ ਕੌਰ, ਪ੍ਰੋ ਰੁਪਿੰਦਰ ਕੌਰ, ਪ੍ਰੋ ਪੂਨਮ, ਸ਼੍ਰੀਮਤੀ ਰਵਿੰਦਰ ਕੌਰ, ਜਪੁਜੀ ਸੰਧੂ, ਜੈਸਮੀਨ, ਸ. ਦਲਜੀਤ ਸਿੰਘ ਸੰਧੂ ਅਤੇ ਕਾਲਜ ਦਾ ਸਮੂਹ ਸਟਾਫ ਉਚੇਚੇ ਤੌਰ ਤੇ ਹਾਜ਼ਰ ਸੀ।