ਸਵੱਛਤਾ ਨੂੰ ਬਿਹਤਰ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਹੁਲਾਰਾ': ਵਿਧਾਇਕ ਬੱਗਾ, ਨਗਰ ਨਿਗਮ ਕਮਿਸ਼ਨਰ ਨੇ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਣ ਲਈ ਸਟੈਟਿਕ ਕੰਪੈਕਟਰਾਂ ਦਾ ਕੀਤਾ ਉਦਘਾਟਨ

  • ਕੰਪੈਕਟਰ ਸਾਈਟ ਦਾ ਉਦਘਾਟਨ ਕਰਨ ਤੋਂ ਬਾਅਦ ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਨੇ ਜਲੰਧਰ ਬਾਈਪਾਸ ਨੇੜੇ ਅਸ਼ੋਕ ਨਗਰ ਤੋਂ ਖੁੱਲ੍ਹੇ ਕੂੜੇ ਦੇ ਡੰਪ ਨੂੰ ਵੀ ਚੁਕਵਾਇਆ
  • ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਭਰ ਵਿੱਚ ਕੁੱਲ 22 ਥਾਵਾਂ 'ਤੇ ਲਗਾਏ ਜਾ ਰਹੇ ਹਨ ਸਟੈਟਿਕ ਕੰਪੈਕਟਰ*

ਲੁਧਿਆਣਾ, 9 ਫਰਵਰੀ : 'ਕੂੜਾ ਮੁਕਤ ਸ਼ਹਿਰ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਕਦਮ ਅੱਗੇ ਵਧਦੇ ਹੋਏ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਚਾਂਦ ਸਿਨੇਮਾ ਨੇੜੇ ਮੰਨਾ ਸਿੰਘ ਨਗਰ ਵਿੱਚ ਲਗਾਏ ਗਏ ਸਟੈਟਿਕ ਕੰਪੈਕਟਰਾਂ ਦਾ ਉਦਘਾਟਨ ਕੀਤਾ। ਇਹ ਸਟੈਟਿਕ ਕੰਪੈਕਟਰ ਸਮਾਰਟ ਸਿਟੀ ਮਿਸ਼ਨ ਤਹਿਤ ਲਗਾਏ ਗਏ ਹਨ। ਇਸ ਪ੍ਰੋਜੈਕਟ ਤਹਿਤ ਸ਼ਹਿਰ ਭਰ ਵਿੱਚ ਕੁੱਲ 22 ਥਾਵਾਂ 'ਤੇ ਲਗਭਗ 33.50 ਕਰੋੜ ਰੁਪਏ (ਸਿਵਲ ਅਤੇ ਮਕੈਨੀਕਲ ਕੰਮਾਂ ਸਮੇਤ) ਦੀ ਲਾਗਤ ਨਾਲ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਉਦਘਾਟਨੀ ਸਮਾਰੋਹ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਘਰਾਂ ਵਿੱਚੋਂ ਇਕੱਠਾ ਹੋਇਆ ਕੂੜਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਸੈਕੰਡਰੀ ਡੰਪਿੰਗ ਸਾਈਟਾਂ 'ਤੇ ਖੁੱਲ੍ਹੇ ਵਿੱਚ ਸੁੱਟਿਆ ਜਾਂਦਾ ਹੈ। ਇਸ ਤੋਂ ਬਾਅਦ ਕੂੜਾ ਤਾਜਪੁਰ ਰੋਡ 'ਤੇ ਸਥਿਤ ਨਗਰ ਨਿਗਮ ਦੇ ਮੁੱਖ ਡੰਪ ਸਾਈਟ 'ਤੇ ਭੇਜ ਦਿੱਤਾ ਜਾਂਦਾ ਹੈ। ਖੁੱਲ੍ਹੀਆਂ ਸੈਕੰਡਰੀ ਡੰਪ ਸਾਈਟਾਂ ਸ਼ਹਿਰ ਦੇ ਚਿਹਰੇ 'ਤੇ ਦਾਗ ਲਗਾ ਰਹੀਆਂ ਸਨ ਅਤੇ ਕੂੜੇ ਦੇ ਡੰਪਾਂ 'ਚੋਂ ਨਿਕਲਦੀ ਬਦਬੂ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਧਾਇਕ ਬੱਗਾ ਨੇ ਅੱਗੇ ਦੱਸਿਆ ਕਿ ਸ਼ਹਿਰ ਭਰ ਵਿੱਚ ਕੰਪੈਕਟਰ ਲਗਾਉਣ ਤੋਂ ਬਾਅਦ ਖੁੱਲ੍ਹੀਆਂ ਸੈਕੰਡਰੀ ਡੰਪ ਸਾਈਟਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਕੂੜਾ ਸਿੱਧਾ ਕੰਪੈਕਟਰਾਂ ਦੇ ਅੰਦਰ ਡੰਪ ਕੀਤਾ ਜਾਵੇਗਾ। ਕੋਈ ਵੀ ਗੰਦੀ ਬਦਬੂ ਨਹੀਂ ਨਿਕਲੇਗੀ ਅਤੇ ਇਸ ਨਾਲ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਸੰਕੁਚਿਤ ਕੂੜਾ ਫਿਰ ਹੁੱਕ ਲੋਡਰਾਂ/ਟਿੱਪਰਾਂ ਦੀ ਮਦਦ ਨਾਲ ਮੁੱਖ ਡੰਪ ਸਾਈਟ 'ਤੇ ਸ਼ਿਫਟ ਕੀਤਾ ਜਾਵੇਗਾ। ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ 22 ਥਾਵਾਂ 'ਤੇ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਲੁਧਿਆਣਾ ਉੱਤਰੀ ਹਲਕੇ 'ਚ ਪਹਿਲੀ ਸਾਈਟ ਦਾ ਉਦਘਾਟਨ ਕੀਤਾ ਗਿਆ ਹੈ। ਮੁੱਖ ਸਬਜ਼ੀ ਮੰਡੀ ਦੀ ਇੱਕ ਹੋਰ ਸਟੈਟਿਕ ਕੰਪੈਕਟਰ ਸਾਈਟ ਦਾ ਵੀ ਆਉਣ ਵਾਲੇ ਦਿਨਾਂ ਵਿੱਚ ਉਦਘਾਟਨ ਕੀਤਾ ਜਾਵੇਗਾ। ਇਨ੍ਹਾਂ ਦੋ ਕੰਪੈਕਟਰ ਸਾਈਟਾਂ ਦੀ ਕੁੱਲ ਲਾਗਤ ਲਗਭਗ 5 ਕਰੋੜ ਰੁਪਏ ਹੈ। ਇਸ ਨਾਲ ਲੁਧਿਆਣਾ ਉੱਤਰੀ ਹਲਕੇ ਵਿੱਚ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਸੁੱਟਣਾ ਬੰਦ ਹੋ ਜਾਵੇਗਾ। ਕੰਪੈਕਟਰ ਸਾਈਟਾਂ ਦੇ ਆਲੇ-ਦੁਆਲੇ ਪੌਦੇ ਵੀ ਲਗਾਏ ਜਾ ਰਹੇ ਹਨ। ਸਟੈਟਿਕ ਕੰਪੈਕਟਰ ਸਾਈਟ ਦਾ ਉਦਘਾਟਨ ਕਰਨ ਤੋਂ ਬਾਅਦ, ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਲੰਧਰ ਬਾਈਪਾਸ ਨੇੜੇ ਅਸ਼ੋਕ ਨਗਰ ਵਿੱਚ ਖੁੱਲ੍ਹੀ ਸੈਕੰਡਰੀ ਡੰਪ ਸਾਈਟ ਨੂੰ ਵੀ ਹਟਾ ਦਿੱਤਾ। ਵਿਧਾਇਕ ਬੱਗਾ ਨੇ ਕਿਹਾ ਕਿ ਜੋ ਕੂੜਾ ਅਸ਼ੋਕ ਨਗਰ ਵਾਲੀ ਥਾਂ 'ਤੇ ਡੰਪ ਕੀਤਾ ਜਾਂਦਾ ਸੀ, ਹੁਣ ਮੰਨਾ ਸਿੰਘ ਨਗਰ 'ਚ ਸਟੈਟਿਕ ਕੰਪੈਕਟਰਾਂ 'ਚ ਡੰਪ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ਹਿਰ ਦੀਆਂ ਹੋਰ ਖੁੱਲ੍ਹੀਆਂ ਸੈਕੰਡਰੀ ਡੰਪ ਸਾਈਟਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸਟੈਟਿਕ ਕੰਪੈਕਟਰ ਲਗਾਉਣ ਤੋਂ ਬਾਅਦ ਖ਼ਤਮ ਕਰ ਦਿੱਤਾ ਜਾਵੇਗਾ। ਅਸ਼ੋਕ ਨਗਰ ਵਿੱਚ ਖੁੱਲ੍ਹੀ ਡੰਪ ਸਾਈਟ ਨੂੰ ਹਟਾਉਣ ਲਈ ਵਿਧਾਇਕ ਮਦਨ ਲਾਲ ਬੱਗਾ ਦੀ ਸ਼ਲਾਘਾ ਕਰਦਿਆਂ ਅਸ਼ੋਕ ਨਗਰ ਦੇ ਇੱਕ ਵਸਨੀਕ ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕਿਸੇ ਵੀ ਹੋਰ ਆਗੂ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਅਤੇ ਵਿਧਾਇਕ ਬੱਗਾ ਨੇ ਇਲਾਕਾ ਨਿਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ। ਇਸ ਦੌਰਾਨ ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪ ਕੇ ਕੂੜਾ ਪ੍ਰਬੰਧਨ ਵਿੱਚ ਅਧਿਕਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਦੀ ਅਪੀਲ ਵੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਲੁਧਿਆਣਾ ਉੱਤਰੀ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਕੀਤੇ ਜਾ ਰਹੇ ਹਨ।  ਵਿਧਾਇਕ ਬੱਗਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਹਲਕਾ ਨਿਵਾਸੀਆਂ ਦੀ ਉਹਨਾਂ ਦੇ  ਸਹਿਯੋਗ ਲਈ ਸ਼ਲਾਘਾ ਕੀਤੀ। ਜ਼ੋਨਲ ਕਮਿਸ਼ਨਰ (ਜ਼ੋਨ ਏ) ਚੇਤਨ ਬੰਗਰ, ਨਿਗਰਾਨ ਇੰਜਨੀਅਰ ਸੰਜੇ ਕੰਵਰ, ਨਿਗਰਾਨ ਇੰਜਨੀਅਰ ਰਵਿੰਦਰ ਗਰਗ, ਕਾਰਜਕਾਰੀ ਇੰਜਨੀਅਰ ਏਕਜੋਤ ਸਿੰਘ, ਕਾਰਜਕਾਰੀ ਇੰਜਨੀਅਰ ਪਰਸ਼ੋਤਮ ਲਾਲ, ਸੀ.ਐਸ.ਓ ਅਸ਼ਵਨੀ ਸਹੋਤਾ ਤੋਂ ਇਲਾਵਾ ਹੋਰ ਵੀ ਉਦਘਾਟਨੀ ਸਮਾਰੋਹ ਦੌਰਾਨ ਹਾਜ਼ਰ ਸਨ।