ਪਟਿਆਲਾ, 11 ਮਈ : ਥੈਲਾਸੀਮੀਆ ਬਿਮਾਰੀ ਦੀ ਜਾਗਰੂਕਤਾ ਅਤੇ ਇਸ ਤੋਂ ਬਚਾਅ ਸਬੰਧੀ ਮਨਾਏ ਜਾ ਰਹੇ ਵਿਸ਼ਵ ਥੈਲਾਸੀਮੀਆ ਦਿਵਸ ਦੇ ਸਬੰਧ ’ਚ ਹਫ਼ਤਾ ਭਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਦਫ਼ਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਮਿੰਦਰ ਕੌਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਥੈਲਾਸੀਮੀਆ ਇੱਕ ਜਮਾਂਦਰੂ ਬਿਮਾਰੀ ਹੈ। ਇਸ ਨਾਲ ਨਵ ਜੰਮੇਂ ਬੱਚੇ ਵਿੱਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਾਂ ਖਤਮ ਹੋ ਜਾਂਦੀ ਹੈ। ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ।ਇਹ ਬਿਮਾਰੀ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਤੋਂ ਪੀੜ੍ਹੀ ਦਰ ਪੀੜ੍ਹੀ ਹੋਣ ਵਾਲਾ ਰੋਗ ਹੈ ਅਤੇ ਜਾਗਰੂਕਤਾ ਦੀ ਘਾਟ ਕਾਰਨ ਹੀ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾ ਵਿੱਚ ਥੈਲਾਸੀਮੀਆ ਮਰੀਜ਼ਾਂ ਨੂੰ ਖੂਨ ਚੜ੍ਹਾਉਣ, ਦਵਾਈਆਂ, ਟੈਸਟਿੰਗ ਅਤੇ ਕਾਊਂਸਲਿੰਗ ਮੁਫ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬੌਨ ਮੇਰੋ ਟਰਾਂਸਪਲਾਂਟ ਕਰਵਾਉਣ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ। ਨੋਡਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਸਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ, ਚਿਹਰੇ ਦੀ ਬਨਾਵਟ ਵਿੱਚ ਬਦਲਾਅ, ਗਾੜ੍ਹਾ ਪਿਸ਼ਾਬ ਆਉਣਾ, ਚਮੜੀ ਦਾ ਪੀਲਾ ਹੋਣਾ, ਜਿਗਰ ਤੇ ਤਿੱਲੀ ਦਾ ਵਧਣਾ ਇਸ ਦੇ ਪ੍ਰਮੁੱਖ ਲੱਛਣ ਹਨ। ਉਪਰੋਕਤ ਲੱਛਣ ਪਾਏ ਜਾਣ ਤੇ ਥੈਲਾਸੀਮੀਆ ਦੀ ਜਾਂਚ ਲਈ ਖੂਨ ਦੇ ਟੈਸਟ ਜ਼ਰੂਰ ਕਰਵਾਏ ਜਾਣ। ਉਹਨਾਂ ਕਿਹਾ ਕਿ ਆਉਣ ਵਾਲੀ ਪੀੜੀ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਗਰਭਵਤੀ ਔਰਤਾਂ ਨੂੰ ਖਾਸ ਤੌਰ ’ਤੇ ਪਹਿਲੀ ਤਿਮਾਹੀ, ਵਿਆਹ ਯੋਗ ਅਤੇ ਵਿਆਹੀ ਜੌੜੀ ਨੂੰ ਥੈਲਾਸੀਮੀਆ ਦਾ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਰਫਜੀਤ ਸਿੰਘ, ਡਾ. ਵੀਨੂੰ ਗੋਇਲ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਡਾ. ਦਿਵਜੌਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਹੋਰ ਸਿਹਤ ਅਧਿਕਾਰੀ ਵੀ ਸ਼ਾਮਲ ਸਨ।