ਜੋ ਗੁਰਪਤਵੰਤ ਪੰਨੂ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਉਣਗੇ, ਉਸਨੂੰ ਦੇਵਾਂਗਾ ਇੱਕ ਲੱਖ ਡਾਲਰ ਦਾ ਇਨਾਮ : ਰਾਜਾ ਵੜਿੰਗ

ਖੰਨਾ, 4 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੰਨੂ ਦੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾਵੇਗਾ ਤਾਂ ਉਹ ਆਪਣੇ ਵੱਲੋਂ ਇੱਕ ਲੱਖ ਡਾਲਰ ਦਾ ਇਨਾਮ ਦੇਣਗੇ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਹ ਐਲਾਨ ਪੰਨੂ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ ਦੇ ਜਵਾਬ ਵਿੱਚ ਕੀਤਾ ਹੈ।ਕਾਂਗਰਸ ਪ੍ਰਧਾਨ ਰਾਜਾ ਵੜਿੰਗ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਖੰਨਾ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਖੰਨਾ ਪਹੁੰਚੇਗੀ ਅਤੇ ਇੱਥੇ ਰਾਤ ਦਾ ਠਹਿਰਾਅ ਕਰੇਗੀ। ਰਾਜਾ ਵੜਿੰਗ ਨੇ ਦੱਸਿਆ ਕਿ ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀ। ਇਹ ਯਾਤਰਾ 10 ਨੂੰ ਫਤਿਹਗੜ੍ਹ ਸਾਹਿਬ ਅਤੇ 11 ਨੂੰ ਖੰਨਾ ਪਹੁੰਚੇਗੀ।ਵਿਜੀਲੈਂਸ ਵੱਲੋਂ ਕਾਂਗਰਸੀ ਵਰਕਰਾਂ ਨੂੰ ਥਰਡ ਡਿਗਰੀ ਤਸ਼ੱਦਦ ਦੇਣ ਦੇ ਮਾਮਲੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਠੀਕ ਕਹਿ ਰਹੇ ਹਨ। ਲੋੜ ਪੈਣ ’ਤੇ ਵਿਜੀਲੈਂਸ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਅਤੇ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।