- ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਨੂੰ ਹੋਵੇਗੀ ਜਾਂਚ : ਡਾ. ਬਬੀਤਾ
ਫਾਜ਼ਿਲਕਾ, 08 ਮਈ : ਸਰਕਾਰੀ ਹਸਪਤਾਲ ਜਾਣ ਵਾਲੀ ਹਾਈ ਰੀਸਕ ਗਰਭਵਤੀ ਔਰਤਾਂ ਨੂੰ ਮੌਕੇ ਤੇ ਜਾਂਚ ਦੇ ਨਾਲ ਖੁਰਾਕ ਵੀ ਦਿੱਤੀ ਜਾਵੇਗੀ । ਸਿਹਤ ਵਿਭਾਗ ਵਲੋ ਜਾਰੀ ਨਵੇਂ ਆਦੇਸ਼ਾਂ ਮੁਤਾਬਿਕ ਹੁਣ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਮਿਤੀ ਨੂੰ ਸਰਕਾਰੀ ਹਸਪਤਾਲ਼ ਵਿਚ ਵਿਸ਼ੇਸ਼ ਕੈਂਪ ਲੱਗਣਗੇ ਜਿਸ ਵਿਚ ਹਾਈ ਰਿਸਕ ਗਰਭਵਤੀਆਂ ਦੀ ਜਾਂਚ ਕੀਤੀ ਜਾਵੇਗੀ। ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲਾ ਹਸਪਤਾਲ਼, ਸਬ ਡਿਵੀਜ਼ਨ ਹਸਪਤਾਲ਼, ਸੀਐੱਚਸੀ ਅਤੇ ਪੀਐੱਚਸੀ ਵਿਖੇ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਹਰੇਕ ਗਰਭਵਤੀ ਦਾ ਐਂਟੀਨੇਟਲ ਚੈਕਅੱਪ ਕੀਤਾ ਜਾਵੇਗਾ ਤਾਂ ਜੋ ਹਾਈ ਰਿਸਕ ਪ੍ਰੈਗਨੇਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਪ੍ਰੇਗਨੇਂਸੀ ਦੇ ਜੋਖਿਮ ਨੂੰ ਘਟਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲ ਵਿਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ਵਿਚ ਜਣੇਪਾ ਕਰਵਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਗਰਭਵਤੀ ਔਰਤਾਂ ਨੂੰ ਇਸ ਦਿਨ ਚੈਕਅੱਪ ਲਈ ਲੈਕੇ ਆਉਣ ਜਿੱਥੇ ਮੈਡੀਕਲ ਅਫ਼ਸਰ ਵਲੋ ਉਨ੍ਹਾਂ ਦੀ ਕਾਊਂਸਲਿੰਗ, ਟ੍ਰੀਟਮੈਂਟ ਅਤੇ ਫ਼ਾਲੋਅੱਪ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੌਰਾਨ ਹਾਈ ਰਿਸਕ ਗਰਭਵਤੀ ਔਰਤ ਨੂੰ 12 ਰੁਪਏ ਦੀ ਖੁਰਾਕ ਵੀ ਦਿੱਤੀ ਜਾਵੇਗੀ ਜਿਸ ਵਿਚ ਫਰੂਟ ਅਤੇ ਦੁੱਧ ਦਿਤਾ ਜਾਵੇਗਾ। ਇਸ ਦੇ ਨਾਲ ਉਹਨਾ ਨੂੰ ਆਉਣ ਜਾਉਣ ਲਈ 100 ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਦਾ ਮੁੱਖ ਮਕਸਦ ਵਿਭਾਗ ਹਾਈ ਰਿਸਕ੍ ਗਰਭਵਤੀ ਔਰਤ ਸਮੇਂ ਸਿਰ ਆਪਣੀ ਜਾਂਚ ਕਰਵਾ ਲਵੇ ਤਾਂਕਿ ਡਿਲੀਵਰੀ ਸਮੇਂ ਉਸਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਅਲਟਰਾਸਾਊਂਡ, ਖੂਨ ਅਤੇ ਪਿਸ਼ਾਬ ਦੀ ਜਾਂਚ ਵਜ਼ਨ , ਸੁਗਰ ਬੀਪੀ ਤੋਂ ਇਲਾਵਾ ਡਾਕਟਰ ਜਾਂਚ ਬਿਲਕੁਲ ਮੁਫ਼ਤ ਹੈ। ਇਸ ਮੌਕੇ ਬਲਾਕ ਐਕਸ਼ਟੇਸ਼ਨ ਐਜੂਕੇਟਰ ਹਰਮੀਤ ਸਿੰਘ ਅਤੇ ਦਿਵੇਸ਼ ਕੁਮਾਰ ਨੇ ਦੱਸਿਆ ਕਿ ਗਰਭਵਤੀਆਂ ਨੂੰ ਸਰਕਾਰੀ ਸੰਸਥਾਵਾਂ ਵਿਚ ਪ੍ਰੈਗਨੇਸੀ ਟੈਸਟ ਤੋਂ ਲੈਕੇ ਜਣੇਪੇ ਦੇ 42 ਦਿਨਾਂ ਤੱਕ ਸਾਰੀਆਂ ਸਹੂਲਤਾਂ ਫ੍ਰੀ ਦਿੱਤੀਆਂ ਜਾਂਦੀਆਂ ਹਨ, ਵਿਭਾਗ ਦੀਆਂ ਹਦਾਇਤਾ ਅਨੁਸਾਰ ਗਰਭਵਤੀਆਂ ਦੇ ਦੋ ਅਲਟ੍ਰਾਸਾਂਊਡ ਵੀ ਮੁਫਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਇਲਾਜ਼ ਮੁਫਤ ਕੀਤਾ ਜਾਂਦਾ ਹੈ।