ਫਰੀਦਕੋਟ 10 ਅਪ੍ਰੈਲ : ਸਪੀਕਰ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਭਾਗਾਂ ਦੇ ਡਾਕਟਰ ਮੁੱਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਫਾਜਿਲਕਾ (ਐਡੀਸ਼ਨਲ ਚਾਰਜ ਡਿਪਟੀ ਕਮਿਸ਼ਨਰ ਫਰੀਦਕੋਟ), ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਮੂਹ ਡਾਕਟਰਜ਼ ਅਤੇ ਮੁੱਖੀਆਂ ਤੋਂ ਆਪਣੇ ਆਪਣੇ ਵਾਰਡ ਨਾਲ ਸਬੰਧਤ ਵਿਸਥਾਰ ਨਾਲ ਮੁਸ਼ਿਕਲਾਂ ਸੁਣੀਆਂ। ਜ਼ਿਆਦਾਤਰ ਸਮੱਸਿਆਵਾਂ ਡਾਕਟਰਾਂ, ਸਟਾਫ ਨਰਸਾਂ ਦੀ ਕਮੀ, ਸਕਿਊਰਿਟੀ ਗਾਰਡ, ਆਪ੍ਰੇਸ਼ਨ ਥਿਏਟਰ ਨੂੰ ਅਪਗ੍ਰੇਡ ਕਰਨ ਅਤੇ ਮੁੱਢਲੀਆਂ ਸਹੂਲਤਾਂ ਸਬੰਧੀ ਸਨ। ਸਮੱਸਿਆਵਾਂ ਸੁਣਨ ਉਪਰੰਤ ਸਪੀਕਰ ਸੰਧਵਾਂ ਨੇ ਕਿਹਾ ਕਿ ਜਿੰਨਾ ਸਮੱਸਿਆਵਾਂ ਦਾ ਹੱਲ ਹੇਠਲੇ ਪੱਧਰ ਤੇ ਹੋ ਸਕਦਾ ਹੈ। ਉਨ੍ਹਾਂ ਸਮੱਸਿਆਵਾਂ ਦੇ ਹੱਲ ਦੇ ਲਈ ਰੂਪ ਰੇਖਾ ਤਿਆਰ ਕਰ ਲਈ ਜਾਵੇ, ਅਤੇ ਜਿੰਨਾ ਸਮੱਸਿਆਵਾਂ ਦਾ ਹੱਲ ਉੱਚ ਪੱਧਰ ਤੇ ਹੋਵੇਗਾ ਇਸ ਦੇ ਹੱਲ ਲਈ ਜਲਦ ਹੀ ਸਿਹਤ ਮੰਤਰੀ ਅਤੇ ਸਕੱਤਰ ਪੱਧਰ ਤੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ ਜਾਵੇਗੀ ਅਤੇ ਬੈਠਕ ਵਿੱਚ ਸਾਰੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਯਤਨ ਕੀਤੇ ਜਾਣਗੇ। ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਖ ਸੇਖੋਂ ਨੇ ਕਿਹਾ ਕਿ ਫਰੀਦਕੋਟ ਦਾ ਮੈਡੀਕਲ ਕਾਲਜ ਮਾਲਵੇ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾ ਰਿਹਾ ਹੈ। ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਪਾਲ ਸਿੰਘ, ਮੈਡੀਕਲ ਸੁਪਰਡੈਂਟ ਸ੍ਰੀ ਸੁਲੇਖ ਮਿੱਤਲ ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਚੰਦਬਾਜਾ ਅਮਨਦੀਪ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਹਾਜ਼ਰ ਸਨ।