- ਪੰਜਾਬ ਸਰਕਾਰ ਵੱਲੋਂ 90 ਲੱਖ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਕਾਇਆ ਕਲਪ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲਿਆ ਨਵੀਨੀਕਰਨ ਕਾਰਜਾਂ ਦਾ ਜਾਇਜ਼ਾ
ਸੰਗਰੂਰ, 20 ਜਨਵਰੀ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਅਰਾਮ ਘਰਾਂ ਨੂੰ ਪੂਰੀ ਤਰ੍ਹਾਂ ਵਰਤੋਂ ਵਿੱਚ ਲਿਆਉਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਧੂਰੀ ਦੀ ਕੋਟਲਾ ਬ੍ਰਾਂਚ ਬਬਨਪੁਰ ਨਹਿਰ ਦੇ ਕੰਢੇ ਬਣੇ ਵਿਸ਼ਰਾਮ ਘਰ (ਰੈਸਟ ਹਾਊਸ) ਦਾ ਕਾਇਆ ਕਲਪ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਸਮੇਤ ਇਸ ਰੈਸਟ ਹਾਊਸ ਦੇ ਨਵੀਨੀਕਰਨ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਰੈਸਟ ਹਾਊਸ ਦੇ ਬਾਹਰੀ ਤੇ ਅੰਦਰੂਨੀ ਹਿੱਸਿਆਂ ਦੀ ਮੁਰੰਮਤ ਦੌਰਾਨ ਵਿਰਾਸਤੀ ਦਿੱਖ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਪਹੁੰਚਾਏ ਜਾਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਕਲੋਨੀ ਵਿੱਚ ਬਣੇ ਇਸ ਰੈਸਟ ਹਾਊਸ ਵਿੱਚ ਬਣੇ ਕਮਰਿਆਂ, ਹਾਲ ਅਤੇ ਪਾਰਕ ਆਦਿ ਦੇ ਨਵੀਨੀਕਰਨ ਨੂੰ ਯਕੀਨੀ ਬਣਾਉਣ ਲਈ ਕਰੀਬ 90 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਅਤੇ ਅਗਲੇ ਮਹੀਨੇ ਦੇ ਅਖੀਰ ਤੱਕ ਇਸ ਕਾਰਜ ਦੇ ਮੁਕੰਮਲ ਹੋਣ ਦੀ ਉਮੀਦ ਹੈ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐਕਸੀਅਨ ਅਤਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਟਲਾ ਬ੍ਰਾਂਚ ਨਹਿਰ ਦੇ ਕੰਢੇ ਬਣੇ ਇਸ ਰੈਸਟ ਹਾਊਸ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਦਿਆਂ ਹੀ ਮੌਜੂਦਾ ਜ਼ਰੂਰਤਾਂ ਅਨੁਸਾਰ ਇਸ ਰੈਸਟ ਹਾਊਸ ਦੇ ਕੰਮ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ।