ਪਟਿਆਲਾ, 10 ਅਪ੍ਰੈਲ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਮਰੀਜ਼ਾਂ ਦਾ ਰਿਕਾਰਡ ਰੱਖਣ ਲਈ ਸੂਚਨਾ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮਰੀਜ਼ ਨੂੰ ਇਲਾਜ ਸਮੇਂ ਹਸਪਤਾਲ ਬਦਲਣ ਸਮੇਂ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ 'ਚ ਮਰੀਜਾਂ ਦਾ ਆਨ ਲਾਈਨ ਰਿਕਾਰਡ ਰੱਖਣ ਦਾ ਤਜ਼ਰਬਾ ਸਫਲ ਰਹਿਣ ਤੋਂ ਬਾਅਦ ਹੁਣ ਸੂਬੇ ਦੇ ਸਾਰੇ ਹਸਪਤਾਲ 'ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਉਹ ਅੱਜ ਸਰਕਾਰੀ ਮੈਡੀਕਲ ਕਾਲਜ ਵਿਖੇ ਕਰਵਾਏ ਕਾਇਆਕਲਪ ਪ੍ਰੋਗਰਾਮ ਦੇ ਰਾਜ ਪੱਧਰੀ ਸਮਾਗਮ 'ਚ ਸ਼ਿਰਕਤ ਕਰ ਰਹੇ ਸਨ। ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ 'ਚ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤ ਦੇ ਆਧਾਰ 'ਤੇ ਚੰਗਾ ਕੰਮ ਕਰਨ ਵਾਲੇ ਹਸਪਤਾਲਾਂ ਦੇ ਸਟਾਫ਼ ਦਾ ਅੱਜ ਕਾਇਆਕਲਪ ਪ੍ਰੋਗਰਾਮ 'ਚ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਮਰੀਜ ਦੇ ਇਲਾਜ਼ ਸਮੇਤ ਹਸਪਤਾਲ ਦੀ ਸਫ਼ਾਈ, ਵੈਸਟ ਮੈਨੇਜਮੈਂਟ, ਇਨਫੈਕਸ਼ਨ ਕੰਟਰੋਲ, ਸਟਾਫ਼ ਦਾ ਮਰੀਜ਼ਾ ਨਾਲ ਵਿਹਾਰ ਸਮੇਤ ਹੋਰ ਮਾਪਦੰਡਾਂ ਦੇ ਆਧਾਰ 'ਤੇ ਮੁਲਾਂਕਣ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਹਸਪਤਾਲਾਂ ਦੀ ਸ਼੍ਰੇਣੀ 'ਚ ਪਹਿਲੇ ਸਥਾਨ 'ਤੇ ਰਹੇ ਜ਼ਿਲ੍ਹਾ ਹਸਪਤਾਲ ਬਰਨਾਲਾ ਦੇ ਸਟਾਫ਼ ਨੇ ਆਪਣਾ ਸਨਮਾਨ ਪ੍ਰਾਪਤ ਕੀਤਾ ਜਦਕਿ ਦੂਸਰਾ ਸਥਾਨ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਅਤੇ ਤੀਸਰਾ ਸਥਾਨ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਨੇ ਪ੍ਰਾਪਤ ਕੀਤਾ ਅਤੇ ਸੂਬੇ ਦੇ 11 ਜ਼ਿਲ੍ਹਿਆਂ ਦੇ ਹਸਪਤਾਲ 70 ਫ਼ੀਸਦੀ ਅੰਕਾਂ ਤੋਂ ਉਪਰ ਰਹੇ। ਇਸੇ ਤਰ੍ਹਾਂ ਸਬ ਡਵੀਜ਼ਨਲ ਹਸਪਤਾਲਾਂ ਦੀ ਸ਼੍ਰੇਣੀ 'ਚ ਐਸ.ਡੀ.ਐਚ. ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੂਬੇ ਦੇ 23 ਤੋਂ ਵੱਧ ਐਸ.ਡੀ.ਐਚ. ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਮਿਊਨਿਟੀ ਹੈਲਥ ਸੈਂਟਰ ਦੀ ਸ਼੍ਰੇਣੀ 'ਚ ਸੀ.ਐਚ.ਸੀ. ਸ਼ੰਕਰ ਜ਼ਿਲ੍ਹਾ ਜਲੰਧਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੂਬੇ ਦੇ 45 ਤੋਂ ਵਧੇਰੇ ਸੀ.ਐਚ.ਸੀ. ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਇਆਕਲਪ ਮੁਲਾਂਕਣ 'ਚ ਸੂਬੇ ਦੀਆਂ 246 ਸਿਹਤ ਸੰਸਥਾਵਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ, ਜਿਨ੍ਹਾਂ 'ਚ 162 ਪ੍ਰਾਇਮਰੀ ਅਤੇ 84 ਸੈਕੰਡਰੀ ਪੱਧਰ ਦੀਆਂ ਸਿਹਤ ਸੇਵਾਵਾਂ ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਸੂਬੇ ਭਰ ਤੋਂ ਆਏ ਡਾਕਟਰਾਂ ਨੂੰ ਲਿੰਗ ਅਨੁਪਾਤ 'ਚ ਸੁਧਾਰ ਤੇ ਨਸ਼ਿਆਂ ਦੀ ਅਲਾਮਤ ਵਿਰੁੱਧ ਇਕ ਮੁਹਿੰਮ ਚਲਾਉਣ ਲਈ ਰਲਕੇ ਹੰਭਲਾ ਮਾਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹਸਪਾਲਾਂ 'ਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਇਸ ਲਈ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲਬੱਧ ਕਰਵਾਉਣਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੂਰੇ ਦੇਸ਼ 'ਚ ਕੋਵਿਡ ਦੇ ਕੇਸ ਵੱਧ ਰਹੇ ਹਨ ਤੇ ਪੰਜਾਬ 'ਚ ਵੀ ਇਹਤਿਆਤਦੀ ਕਦਮ ਚੁੱਕੇ ਜਾ ਰਹੇ ਹਨ ਤੇ ਮੋਕ ਡਰਿੱਲ ਵੀ ਕੀਤੀਆਂ ਗਈਆਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਖਾਸ਼ੀ, ਜੁਕਾਮ ਜਾਂ ਫੇਰ ਕੋਈ ਬਿਮਾਰੀ ਹੈ ਉਹ ਮਾਸਕ ਜ਼ਰੂਰ ਪਹਿਨਣ। ਉਨ੍ਹਾਂ ਵੈਕਸੀਨ ਦੀ ਉਪਲਬੱਧਤਾ ਦੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਵੈਕਸੀਨ ਖਰੀਦਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਤੇ ਕੇਂਦਰ ਵੱਲੋਂ ਵੀ ਜਲਦੀ ਹੀ ਵੈਕਸੀਨ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ। ਸਮਾਗਮ ਦੌਰਾਨ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਵਿਵੇਕ ਪ੍ਰਤਾਪ ਸਿੰਘ ਨੇ ਸਿਹਤ ਵਿਭਾਗ ਦੀਆਂ ਭਵਿੱਖੀ ਯੋਜਨਾਵਾਂ 'ਤੇ ਚਾਨਣਾ ਪਾਇਆ। ਇਸ ਮੌਕੇ ਐਡਵਾਈਜ਼ਰ ਐਨ.ਐਚ.ਐਸ.ਆਰ.ਸੀ. ਡਾ. ਜੇ.ਐਨ. ਸ੍ਰੀਵਾਸਤਵਾ, ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਅਗਰਵਾਲ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਰਾਸ਼ਟਰ ਸਿਹਤ ਮਿਸ਼ਨ ਡਾ. ਐਸ.ਪੀ. ਸਿੰਘ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਸੁਮਨ ਬਾਲੀ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਵਿਕਰਮ ਨਾਗਰਾ, ਏ.ਡੀ.ਸੀ. ਈਸ਼ਾ ਸਿੰਘਲ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਸਰਕਾਰੀ ਰਜਿੰਦਰਾ ਹਸਪਤਾਲ ਡਾ. ਐਚ.ਐਸ ਰੇਖੀ, ਡੀ. ਸੰਦੀਪ ਕੌਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ, ਡਿਪਟੀ ਡਾਇਰੈਕਟਰ, ਪ੍ਰੋਗਰਾਮ ਅਫ਼ਸਰ ਤੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਟਾਫ਼ ਮੌਜੂਦ ਸੀ।