- ਪੋਰਟੇਬਲ ਅਲਟਰਾਸਾਊਡ ਮਸ਼ੀਨ ਸਮੇਤ ਦੋ ਔਰਤਾਂ ਤੇ ਇੱਕ ਵਿਅਕਤੀ ਕਾਬੂ
- ਮਰੀਜ਼ ਰਾਹੀਂ ਦਿੱਤੀ ਗਈ 32 ਹਜ਼ਾਰ ਰੁਪਏ ਦੀ ਨਗਦੀ ਵੀ ਹੋਈ ਬ੍ਰਾਮਦ
ਲੁਧਿਆਣਾ, 24 ਅਪ੍ਰੈਲ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵਲੋ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਮੰਗਲੀ ਨੀਚੀ ਵਿੱਚ ਛਾਪਾ ਮਾਰ ਕੇ ਅਣਅਧਿਕਾਰਤ ਚੱਲ ਰਹੇ ਅਲਟਰਾ ਸਾਊਂਡ ਸੈਂਟਰ ਦਾ ਪਰਦਾਫਾਸ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਪਿੰਡ ਮੰਗਲੀ ਨੀਚੀ ਵਿਖੇ ਇੱਕ ਅਣਅਧਿਕਾਰਤ ਸੈਂਟਰ ਚੱਲ ਰਿਹਾ ਸੀ ਜਿੱਥੇ ਟੀਮ ਵਲੋ ਘਰ ਵਿੱਚ ਛਾਪਾ ਮਾਰ ਕੇ ਮੌਕੇ 'ਤੇ ਅਣਰਜਿਸਟਰ ਪੋਰਟੇਬਲ ਅਲਟਰਾ ਸਾਊਡ ਮਸ਼ੀਨ ਬਰਾਮਦ ਕੀਤੀ ਗਈ | ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋ ਇੱਕ ਡਿਕਾਏ ਮਰੀਜ਼ ਰਾਹੀ 32 ਹਜ਼ਾਰ ਰੁਪਏ ਵਿਚ ਸੌਦਾ ਤਹਿ ਕੀਤਾ ਗਿਆ ਸੀ ਅਤੇ ਟੀਮ ਵਲੋ ਛਾਪੇ ਮਾਰੀ ਦੌਰਾਨ ਮੌਕੇ ਤੋਂ 30 ਹਜਾਰ ਰੁਪਏ ਦੀ ਨਗਦੀ ਵੀ ਬ੍ਰਾਮਦ ਕੀਤੀ ਗਈ ਜੋ ਕਿ ਵਿਭਾਗ ਵਲੋਂ ਮਾਰਕ ਕੀਤੇ ਨੋਟਾਂ ਨਾਲ ਮੇਲ ਖਾ ਗਈ | ਉਨਾਂ ਅੱਗੇ ਦੱਸਿਆ ਕਿ ਇਸ ਗੋਰਖਧੰਦੇ ਨੂੰ ਇੱਕ ਵਿਅਕਤੀ ਅਤੇ ਦੋ ਔਰਤਾਂ ਵਲੋ ਚਲਾਇਆ ਜਾਂ ਰਿਹਾ ਸੀ | ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵਲੋਂ ਮੌਕੇ 'ਤੇ ਇੱਕ ਵਿਅਕਤੀ ਅਤੇ ਦੋ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ | ਉਨਾਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਚੱਲ ਰਹੇ ਅਲਟਰਾਸਾਊਡ ਸੈਟਰਾਂ ਦਾ ਕੋਈ ਮਾਲਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।