- ਸੁਗਰਫੈਡ ਦੇ ਚੇਅਰਮੈਨ, ਬੱਲੂਆਣਾ ਅਤੇ ਫਾਜਿ਼ਲਕਾ ਦੇ ਵਿਧਾਇਕਾਂ ਅਤੇ ਐਮ.ਡੀ. ਸੁਗਰਫੈਡ ਨੇ ਵੱਡੇ ਲਾਭਪਾਤਰੀਆਂ ਨੂੰ ਚੈਕ
- ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਦਾ 70 ਫੀਸਦੀ ਹਿੱਸਾ ਅਦਾ ਕੀਤਾ
ਫਾਜਿ਼ਲਕਾ, 3 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਦੀ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀਆਂ ਲਗਭਗ ਤਿੰਨ ਸਾਲਾਂ ਤੋਂ ਰੁਕੀਆਂ ਤਨਖਾਹਾਂ ਦੇ 10.17 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਮਿੱਲ ਵਿਖੇ ਅੱਜ ਹੋਏ ਇਕ ਸਮਾਗਮ ਦੌਰਾਨ ਸੁਗਰਫੈਡ ਦੇ ਚੇਅਰਮੈਨ ਸ੍ਰੀ ਨਵਦੀਪ ਸਿੰਘ ਜੀਦਾ, ਫਾਜਿ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਸੁਗਰਫੈਡ ਦੇ ਐਮ.ਡੀ. ਅਰਵਿੰਦ ਪਾਲ ਸਿੰਘ ਸੰਧੂ ਨੇ ਲਾਭਪਾਤਰੀਆਂ ਨੂੰ ਬਕਾਇਆ ਤਨਖਾਹ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਬੋਲਦਿਆਂ ਪੰਜਾਬ ਸੂਗਰਫੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਗੰਨਾ ਮਿੱਲ ਬੰਦ ਨਹੀਂ ਕੀਤੀ ਜਾਵੇਗੀ ਅਤੇ ਕਿਸਾਨ ਵੱਧ ਤੋਂ ਵੱਧ ਗੰਨਾ ਲਗਾਉਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਨੂੰ ਗੰਨੇ ਦੀ ਸਭ ਤੋਂ ਉਚੀ ਕੀਮਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਰਮਚਾਰੀਆਂ ਦੇ ਬਕਾਏ ਜਾਰੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ। ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਮਿੱਲ ਕਰਮਚਾਰੀਆਂ ਦੀ ਸਲਾਘਾ ਕਰਦਿਆਂ ਕਿਹਾ ਜਿੰਨ੍ਹਾਂ ਨੇ ਭਾਰੀ ਮੁਸਕਿਲਾਂ ਦੇ ਬਾਵਜੂਦ ਮਿੱਲ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਇਸ ਮਿੱਲ ਨੂੰ ਬੰਦ ਕਰਨਾ ਚਾਹੁੰਦੀਆਂ ਸਨ ਪਰ ਹੁਣ ਇਹ ਸਰਕਾਰ ਇਸ ਮਿੱਲ ਨੂੰ ਲਗਾਤਾਰ ਚਲਾਏਗੀ ਅਤੇ ਕਿਸਾਨਾਂ ਨੂੰ ਵੀ ਅਦਾਇਗੀਆਂ ਸਮੇਂ ਸਿਰ ਹੋਣਗੀਆਂ।