- ਰੋਚਕ ਭਰਪੂਰ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਦਰਪਣ ਹੈ "ਮਿੱਟੀ ਦੀ ਕਸਕ", ਡਿਪਟੀ ਕਮਿਸ਼ਨਰ ਪੂਨਮਦੀਪ ਕੌਰ
ਬਰਨਾਲਾ, 20 ਜਨਵਰੀ : ਉਪ ਮੰਡਲ ਮੈਜਿਸਟ੍ਰੇਟ ਸ ਗੋਪਾਲ ਸਿੰਘ ਕੋਟ ਫੱਤਾ ਪੀ. ਸੀ. ਐੱਸ. ਦਾ ਪਲੇਠਾ ਕਾਵਿ ਸੰਗ੍ਰਹਿ "ਮਿੱਟੀ ਦੀ ਕਸਕ" ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਦੀ ਟੀਮ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਕਾਵਿ ਸੰਗ੍ਰਹਿ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਜੀਵਨ ਦੀ ਸੰਘਰਸ਼ ਕਥਾ ਦਾ ਦਰਪਣ ਹੈ। ਸ ਗੋਪਾਲ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਭਾਗੀ ਕੰਮਾਂ ਵਿੱਚ ਮਸ਼ਰੂਫੀਅਤ ਤੋਂ ਬਾਵਜੂਦ ਵੀ ਉਨ੍ਹਾਂ ਆਪਣੇ ਕਲਮ ਨੂੰ ਇਸ ਸਿਰਜਣਾਤਮਕ ਕੰਮ ਚ ਲਿਆਂਦਾ ਜਿਸ ਦੌਰ ਵਿਚ ਲੋਕ ਕੇਵਲ ਸੋਸ਼ਲ ਮੀਡਿਆ ਤੱਕ ਸਿਮਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ ਗੋਪਾਲ ਸਿੰਘ ਆਪਣੇ ਕੰਮਾਂ ਚ ਵੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਅਤੇ ਇਹੀ ਲੋਕ ਪੱਖੀ ਆਵਾਜ਼ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਵੀ ਉੱਭਰ ਕੇ ਆਈ ਹੈ। ਸ ਗੋਪਾਲ ਸਿੰਘ ਨੇ ਦੱਸਿਆ ਕਿ ਕਿਤਾਬ ਮਿੱਟੀ ਦੀ ਕਸਕ ਚ ਉਨ੍ਹਾਂ ਦੀਆਂ 40 ਦੇ ਲਗਭਗ ਕਵਿਤਾਵਾਂ ਹਨ ਜਿਸ ਵਿਚ ਉਨ੍ਹਾਂ ਦੇ ਲੰਬੇ ਕੰਮ ਕਾਜੀ ਸਫਰ ਦੌਰਾਨ ਵਰਤਾਰਿਆਂ ਚੋਂ ਨਿਕਲੀਆਂ ਸਥਿਤੀਆਂ ਬਾਰੇ ਬਿਰਤਾਂਤ ਹੈ। ਇਹ ਕਿਤਾਬ ਸਪਰੈਡ ਪਬਲੀਕੇਸ਼ਨ ਰਾਮਪੁਰ, ਜ਼ਿਲ੍ਹਾ ਲੁਧਿਆਣਾ ਵੱਲੋਂ ਛਾਪੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਉਨ੍ਹਾਂ ਦਾ ਅਤੀਤ ਵਸਦਾ ਹੈ। "ਮੈਂ ਜਿੱਥੇ ਕਿਤੇ ਵੀ ਪ੍ਰਸ਼ਾਸਨਿਕ ਸੇਵਾ ਨਿਭਾਈ। ਮੇਰੇ ਪਿੰਡ, ਮੇਰੇ ਬਚਪਨ ਅਤੇ ਜਵਾਨੀ ਵੇਲੇ ਦਾ ਸਮਾਂ ਕਾਲ਼ ਮੇਰੇ ਅੰਗ ਰਹੇ, ਜਿਨ੍ਹਾਂ ਨੇ ਮੇਰੇ ਤੋਂ ਇਸ ਕਾਵਿ ਸੰਗ੍ਰਹਿ ਦੀ ਸਿਰਜਣਾ ਕਰਵਾਈ। ਮੇਰੀਆਂ ਇਹ ਕਵਿਤਾਵਾਂ ਹਮੇਸਾ ਅੰਗ ਸੰਗ ਰਹੀਆਂ ਤਾਂ ਕਿ ਮੈਂ ਕਿਸੇ ਵੇਲ਼ੇ ਵੀ ਇਕੱਲਤਾ ਮਹਿਸੂਸ ਨਾ ਕਰਾਂ। ਕਿਸੇ ਵੇਲੇ ਡੋਲਾਂ ਨਾ," ਉਨ੍ਹਾਂ ਕਿਹਾ। ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗੋਪਾਲ ਸਿੰਘ ਕੋਟ ਫੱਤਾ ਸੰਵੇਦਨਸ਼ੀਲ ਸ਼ਾਇਰ ਹੈ। ਰੌਸ਼ਨ ਦਿਮਾਗ ਹੋਣ ਕਰਕੇ ਆਪਣੀ ਕਵਿਤਾ ਨੂੰ ਚੇਤਨਾ ਦੀ ਕੁਠਾਲੀ ਵਿਚ ਢਾਲ ਲੋਕ ਦਰਦ ਨੂੰ ਸਮਾਜ ਪੱਖੀ ਬਣਾਉਣ ਦਾ ਹੁਨਰ ਜਾਣਦੇ ਨੇ। ਕਹਾਣੀਕਾਰ ਅਤੇ ਨਾਵਲਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਅਜੋਕੀ ਲਿਖੀ ਜਾ ਰਹੀ ਆਜ਼ਾਦ ਨਜ਼ਮ ਸੰਚਾਰ ਸਮੱਸਿਆ ਦੀ ਸ਼ਿਕਾਰ ਹੈ।ਪਰ ਗੋਪਾਲ ਸਿੰਘ ਕੋਟ ਫੱਤਾ ਦੀ ਕਵਿਤਾ ਸਮਝ ਆਉਣ ਵਾਲੀ ਹੈ। ਪਾਠਕ ਦੀ ਉਂਗਲ ਫੜ ਕੇ ਨਾਲ ਨਾਲ ਤੋਰਨ ਅਤੇ ਕਵਿਕ ਭੁੱਖ ਦੀ ਤ੍ਰਿਪਤੀ ਕਰਨ ਦੇ ਸਮਰੱਥ ਹੈ। ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਕਿਸੇ ਹੋਰ ਲੋਕ ਦੀਆਂ ਬਾਤਾਂ ਨਹੀਂ ਪਾਉਂਦੀਆਂ, ਸਗੋਂ ਆਲੇ-ਦੁਆਲੇ ਪਸਰੇ ਬਿਰਤਾਂਤ ਦੀ ਸ਼ਾਬਦਿਕ ਪੇਸ਼ਕਾਰੀ ਕਰਦੀਆਂ ਹਨ। ਪੰਜਾਬੀ ਕਵੀ ਮਿੱਠੂ ਪਾਠਕ ਨੇ ਕਿਹਾ ਕਿ ਕੋਟ ਫੱਤਾ ਦੀ ਕਵਿਤਾ ਪੜ੍ਹਦਿਆਂ ਮਾਲਵੇ ਦੇ ਪਿੰਡਾਂ ਦੀ ਮਿੱਟੀ ਦੀ ਕਸਕ ਪੈਂਦੀ ਹੈ। ਉਨ੍ਹਾਂ ਯਕੀਨ ਹੈ ਕਿ ਇਹ ਕਵਿਤਾਵਾਂ ਨਿਰਾਸ਼ ਅਤੇ ਉਦਾਸ ਮਨੁੱਖਾਂ ਲਈ ਸੰਜੀਵਨੀ ਸਿੱਧ ਹੋਣਗੀਆਂ। ਕਵੀ ਕਹਿਣਾ ਕੀ ਚਾਹੁੰਦਾ ਹੈ। ਹਰ ਕਵਿਤਾ ਸੱਚੇ ਗਵਾਹ ਦੇ ਤੌਰ 'ਤੇ ਪੇਸ਼ ਹੁੰਦੀ ਹੈ। ਇਸ ਮੌਕੇ ਵਧੀਕ ਡਿਪਟੀ ਕੰਮਿਸ਼ਨਰ (ਜ) ਸ ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ ਸੁਖਪਾਲ ਸਿੰਘ ਹਾਜ਼ਰ ਸਨ।