- ਅਖ਼ਤਿਆਰੀ ਕੋਟੇ ਵਿੱਚੋਂ 50 ਹਜ਼ਾਰ ਰੁਪਿਆ ਦੇਣ ਦਾ ਕੀਤਾ ਐਲਾਨ
ਕੋਟਕਪੂਰਾ, 26 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਰਾਸ਼ਟਰੀ ਪੱਧਰ ਗੱਤਕਾ ਮੁਕਾਬਲੇ ਵਿੱਚ ਸੋਨ ਤਗਮਾ ਜੇਤੂ ਮਨਦੀਪ ਕੌਰ ਪੁੱਤਰੀ ਸ਼੍ਰੀ ਜੱਗਾ ਸਿੰਘ ਅਤੇ ਮਾਤਾ ਰਾਜ ਕੌਰ ਵਾਸੀ ਕੋਟਕਪੂਰਾ ਦੇ ਗ੍ਰਹਿ ਵਿਖੇ ਜੇਤੂ ਬੱਚੀ ਦੀ ਹੌਸਲਾ ਅਫਜਾਈ ਕਰਨ ਪੁੱਜੇ। ਉਨ੍ਹਾਂ ਕਿਹਾ ਕਿ ਗਤਕੇ ਦਾ ਇਤਿਹਾਸ ਸ਼ਾਨਾਮੱਤਾ ਹੈ। ਗਤਕਾ ਸਵੈ-ਰੱਖਿਆ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਥੇ ਹੀ ਪੰਜਾਬ ਦੀਆਂ ਹੋਣਹਾਰ ਧੀਆਂ ਖੇਡਾਂ ਦੀ ਦੁਨੀਆਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਕੋਟਕਪੂਰਾ ਦੀ ਲੜਕੀ ਮਨਦੀਪ ਕੌਰ ਨੇ ਛੱਤੀਸਗੜ੍ਹ ਵਿਖੇ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਅੰਡਰ-19 ਗਤਕਾ ਵਿੱਚ ਗੋਲਡ ਮੈਡਲ ਹਾਸਲ ਕਰਕੇ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਅਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਸਪੀਕਰ ਸੰਧਵਾ ਨੇ ਇਸ ਬੱਚੀ ਦੇ ਘਰ ਪਹੁੰਚ ਕੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 50 ਹਜ਼ਾਰ ਰੁਪਿਆ ਦੇਣ ਦਾ ਐਲਾਨ ਕੀਤਾ ਅਤੇ ਇਸ ਬੱਚੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਬੱਚੀ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਘਰ ਦੀ ਹਾਲਤ ਬਹੁਤ ਖਸਤਾ ਹੈ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਦੇ ਮਕਾਨ ਨੂੰ ਵੀ ਜਲਦੀ ਤਿਆਰ ਕਰਵਾਇਆ ਜਾਵੇਗਾ, ਤਾਂ ਜੋ ਇਸ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਵੀ ਕੀਤੀ ਜਾ ਸਕੇ। ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਚ ਗੋਲਡ ਮੈਡਲਿਸਟ ਮਿਸ ਮਨਦੀਪ ਕੌਰ ਨੂੰ ਵਧਾਈ ਦਿੱਤੀ, ਇਸ ਦੇ ਨਾਲ ਹੀ ਉਨ੍ਹਾਂ ਉਸ ਦੇ ਮਾਪਿਆਂ ਅਤੇ ਉਸ ਦੇ ਕੋਚ ਸ. ਗੁਰਪ੍ਰੀਤ ਸਿੰਘ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਗੋਲਡ ਮੈਡਲ ਹਾਸਲ ਕਰਨ ਵਾਲੀ ਲੜਕੀ ਮਨਦੀਪ ਕੌਰ ਨੇ ਸਪੀਕਰ ਸੰਧਵਾਂ ਵੱਲੋਂ ਵਧਾਈ ਦੇਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ।